ਸੋਨੇ-ਚਾਂਦੀ ਦੇ ਭਾਅ ਵਿੱਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਦੋਵੇਂ ਕੀਮਤੀ ਧਾਤਾਂ ਦੇ ਭਾਅ ਵਿੱਚ ਮੁੜ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਨਿਵੇਸ਼ਕਾਂ ਵਿੱਚ ਹਲਚਲ ਦੇਖਣ ਨੂੰ ਮਿਲੀ।

ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸਵੇਰੇ ਕਰੀਬ 10:36 ਵਜੇ, 5 ਜੂਨ ਡਿਲੀਵਰੀ ਵਾਲਾ ਸੋਨਾ ₹1,50,900 ਪ੍ਰਤੀ 10 ਗ੍ਰਾਮ ‘ਤੇ ਵਪਾਰ ਕਰ ਰਿਹਾ ਸੀ। ਇਹ ਪਿਛਲੇ ਸੈਸ਼ਨ ਨਾਲੋਂ 0.30 ਫੀਸਦੀ (₹452) ਦੀ ਗਿਰਾਵਟ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਸੋਨਾ ₹1,51,150 ਪ੍ਰਤੀ 10 ਗ੍ਰਾਮ ‘ਤੇ ਖੁੱਲ੍ਹਿਆ ਸੀ, ਜੋ ਕਿ ਪਿਛਲੇ ਵੀਰਵਾਰ ਦੇ ਬੰਦ ਮੁੱਲ ₹1,51,352 ਨਾਲੋਂ ਘੱਟ ਸੀ।

ਦਿਨ ਦੇ ਕਾਰੋਬਾਰ ਦੌਰਾਨ ਸੋਨੇ ਦੀ ਕੀਮਤ ਨੇ ₹1,51,347 ਪ੍ਰਤੀ 10 ਗ੍ਰਾਮ ਦਾ ਇੰਟਰਾਡੇ ਉੱਚ ਪੱਧਰ ਛੂਹਿਆ, ਜਦਕਿ ਨੀਵਾਂ ਪੱਧਰ ₹1,50,860 ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ।

ਇਸੇ ਤਰ੍ਹਾਂ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ਕਮੀ ਦੇਖਣ ਨੂੰ ਮਿਲੀ। 3 ਜੁਲਾਈ ਡਿਲੀਵਰੀ ਵਾਲੀ ਚਾਂਦੀ ₹2,49,522 ਪ੍ਰਤੀ ਕਿਲੋਗ੍ਰਾਮ ‘ਤੇ ਵਪਾਰ ਕਰ ਰਹੀ ਸੀ, ਜੋ ਕਿ 0.56 ਫੀਸਦੀ (₹1,415) ਘੱਟ ਸੀ। ਚਾਂਦੀ ਦਾ ਸ਼ੁਰੂਆਤੀ ਭਾਅ ₹2,50,699 ਪ੍ਰਤੀ ਕਿਲੋਗ੍ਰਾਮ ਰਿਹਾ, ਜਦਕਿ ਪਿਛਲੇ ਹਫ਼ਤੇ ਵੀਰਵਾਰ ਨੂੰ ਇਹ ₹2,50,937 ‘ਤੇ ਬੰਦ ਹੋਈ ਸੀ।

ਕਾਰੋਬਾਰ ਦੌਰਾਨ ਚਾਂਦੀ ਨੇ ₹2,51,231 ਪ੍ਰਤੀ ਕਿਲੋਗ੍ਰਾਮ ਦਾ ਇੰਟਰਾਡੇ ਉੱਚ ਪੱਧਰ ਛੂਹਿਆ, ਜਦਕਿ ਨੀਵਾਂ ਪੱਧਰ ₹2,49,522 ਰਿਹਾ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ ਉਛਾਲ ਦੇਖਣ ਨੂੰ ਮਿਲਿਆ ਸੀ, ਜਦਕਿ ਚਾਂਦੀ ਦੇ ਭਾਅ ਵਿੱਚ ਕੁਝ ਗਿਰਾਵਟ ਦਰਜ ਕੀਤੀ ਗਈ ਸੀ।

ਮਾਹਿਰਾਂ ਦੇ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਤਾਰ-ਚੜ੍ਹਾਅ, ਡਾਲਰ ਦੀ ਮਜ਼ਬੂਤੀ ਅਤੇ ਨਿਵੇਸ਼ਕਾਂ ਦੇ ਰੁਝਾਨ ਵਿੱਚ ਬਦਲਾਅ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਹ ਹਿਲਚਲ ਜਾਰੀ ਹੈ।

Leave a Reply

Your email address will not be published. Required fields are marked *