LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਦੇਸ਼

ਬਦਰੀਨਾਥ ਤੋਂ ਰਿਸ਼ੀਕੇਸ਼ ਜਾ ਰਿਹਾ ਹੈਲੀਕਾਪਟਰ ਕ੍ਰੈਸ਼, 6 ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ

ਉੱਤਰਾਖੰਡ ਦੇ ਜੋਸ਼ੀਮਠ ਇਲਾਕੇ ਵਿੱਚ ਬਦਰੀਨਾਥ ਧਾਮ ਤੋਂ ਰਿਸ਼ੀਕੇਸ਼ ਜਾ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮੁੱਢਲੀ ਜਾਣਕਾਰੀ ਮੁਤਾਬਕ, ਹੈਲੀਕਾਪਟਰ ਵਿੱਚ 6 ਯਾਤਰੀ ਸਵਾਰ ਸਨ ਅਤੇ ਸਾਰਿਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ, ਮੌਤਾਂ ਸਬੰਧੀ ਅਧਿਕਾਰਤ ਪੁਸ਼ਟੀ ਦੀ ਉਡੀਕ ਹੈ।

ਜਾਣਕਾਰੀ ਅਨੁਸਾਰ, ਇੱਕ ਟਰਾਂਸ ਕੰਪਨੀ ਦਾ ਹੈਲੀਕਾਪਟਰ ਬਦਰੀਨਾਥ ਧਾਮ ਤੋਂ ਯਾਤਰੀਆਂ ਨੂੰ ਲੈ ਕੇ ਰਿਸ਼ੀਕੇਸ਼ ਵੱਲ ਜਾ ਰਿਹਾ ਸੀ। ਇਸ ਦੌਰਾਨ ਜੋਸ਼ੀਮਠ ਨੇੜੇ ਚਾਈ ਅਤੇ ਥਾਯੰਗ ਪਿੰਡਾਂ ਦੇ ਉੱਪਰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਮੁੱਢਲੇ ਤੌਰ ’ਤੇ ਹਾਦਸੇ ਦਾ ਕਾਰਨ ਖ਼ਰਾਬ ਮੌਸਮ ਦੱਸਿਆ ਜਾ ਰਿਹਾ ਹੈ, ਪਰ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।

ਫੌਜ ਨੇ ਪ੍ਰਸ਼ਾਸਨ ਨੂੰ ਦਿੱਤੀ ਜਾਣਕਾਰੀ

ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਮੁਤਾਬਕ, ਹੈਲੀਕਾਪਟਰ ਹਾਦਸੇ ਦੀ ਜਾਣਕਾਰੀ ਸਭ ਤੋਂ ਪਹਿਲਾਂ ਫੌਜ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਹੈਲੀਕਾਪਟਰ ਦੀ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਹਾਦਸੇ ਦੀ ਪੁਸ਼ਟੀ ਕੀਤੀ।

ਮੁੱਖ ਮੰਤਰੀ ਧਾਮੀ ਨੇ ਜਤਾਇਆ ਦੁੱਖ

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਆਫ਼ਤ ਪ੍ਰਬੰਧਨ ਵਿਭਾਗ ਅਤੇ SDRF ਵੱਲੋਂ ਸਾਂਝੇ ਤੌਰ ’ਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਗੰਭੀਰ ਜ਼ਖ਼ਮੀਆਂ ਨੂੰ ਤੁਰੰਤ ਏਅਰਲਿਫਟ ਕਰਕੇ ਬਿਹਤਰ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਪਹੁੰਚਾਇਆ ਜਾਵੇ। ਹਾਦਸੇ ਦੇ ਕਾਰਨਾਂ ਅਤੇ ਜਾਨੀ ਨੁਕਸਾਨ ਸਬੰਧੀ ਹੋਰ ਜਾਣਕਾਰੀ ਅਧਿਕਾਰਤ ਪੁਸ਼ਟੀ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।