LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਦੇਸ਼

ਦੀਵਾਲੀ ’ਤੇ ਪਟਾਕੇ ਚਲਾਉਂਦੇ ਸਮੇਂ ਬੱਚਿਆਂ ਦਾ ਰੱਖੋ ਖ਼ਾਸ ਧਿਆਨ, ਮਾਪੇ ਇਨ੍ਹਾਂ ਸਾਵਧਾਨੀਆਂ ਦੀ ਕਰਨ ਪਾਲਣਾ

ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਬਾਜ਼ਾਰਾਂ ਵਿੱਚ ਪਟਾਕਿਆਂ ਦੀ ਵਿਕਰੀ ਤੇਜ਼ ਹੋ ਗਈ ਹੈ। ਇਸ ਦੌਰਾਨ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਣ।

ਸਿਹਤ ਮਾਹਿਰਾਂ ਮੁਤਾਬਕ, ਹਰ ਸਾਲ ਦੀਵਾਲੀ ਦੌਰਾਨ ਪਟਾਕਿਆਂ ਕਾਰਨ ਬੱਚਿਆਂ ਦੀਆਂ ਅੱਖਾਂ ਵਿੱਚ ਸੱਟ ਲੱਗਣ, ਹੱਥ ਸੜਨ ਅਤੇ ਸੁਣਨ ਸ਼ਕਤੀ ਪ੍ਰਭਾਵਿਤ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਤੋਂ ਇਲਾਵਾ ਪਟਾਕਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਸਾਹ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ਅਤੇ ਦਮੇ ਦੇ ਮਰੀਜ਼ਾਂ ’ਤੇ ਪੈ ਸਕਦਾ ਹੈ।

ਮਾਪੇ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

ਬੱਚਿਆਂ ਨੂੰ ਕਦੇ ਵੀ ਇਕੱਲੇ ਪਟਾਕੇ ਨਾ ਚਲਾਉਣ ਦਿਓ। ਪਟਾਕੇ ਚਲਾਉਂਦੇ ਸਮੇਂ ਕਿਸੇ ਵੱਡੇ ਵਿਅਕਤੀ ਦਾ ਉਨ੍ਹਾਂ ਦੇ ਨਾਲ ਹੋਣਾ ਜ਼ਰੂਰੀ ਹੈ। ਅਨਾਰ, ਚੱਕਰੀ ਜਾਂ ਬੰਬ ਚਲਾਉਂਦੇ ਸਮੇਂ ਘੱਟੋ-ਘੱਟ 5 ਤੋਂ 7 ਫੁੱਟ ਦੀ ਦੂਰੀ ਬਣਾਈ ਰੱਖੋ। ਇਸ ਦੇ ਨਾਲ ਹੀ ਬੱਚਿਆਂ ਨੂੰ ਸਿੰਥੈਟਿਕ ਕੱਪੜਿਆਂ ਦੀ ਬਜਾਏ ਸੂਤੀ ਕੱਪੜੇ ਪਹਿਨਾਓ, ਤਾਂ ਜੋ ਅੱਗ ਲੱਗਣ ਦਾ ਖ਼ਤਰਾ ਘੱਟ ਰਹੇ।

ਪਟਾਕੇ ਚਲਾਉਣ ਵਾਲੀ ਥਾਂ ’ਤੇ ਪਾਣੀ ਦੀ ਬਾਲਟੀ ਅਤੇ ਮੁੱਢਲੀ ਸਹਾਇਤਾ ਦਾ ਸਮਾਨ ਜ਼ਰੂਰ ਰੱਖੋ, ਤਾਂ ਜੋ ਕਿਸੇ ਐਮਰਜੈਂਸੀ ਸਮੇਂ ਤੁਰੰਤ ਮਦਦ ਮਿਲ ਸਕੇ।

ਪਟਾਕਿਆਂ ਨਾਲ ਸੱਟ ਲੱਗਣ ’ਤੇ ਕੀ ਕਰੀਏ?

ਜੇਕਰ ਕਿਸੇ ਬੱਚੇ ਦੇ ਹੱਥ ਜਾਂ ਸਰੀਰ ਦਾ ਕੋਈ ਹਿੱਸਾ ਹਲਕਾ ਸੜ ਜਾਂਦਾ ਹੈ, ਤਾਂ ਪ੍ਰਭਾਵਿਤ ਥਾਂ ਨੂੰ ਤੁਰੰਤ 20 ਮਿੰਟ ਤੱਕ ਸਾਫ਼ ਠੰਡੇ ਜਾਂ ਆਮ ਤਾਪਮਾਨ ਵਾਲੇ ਵਗਦੇ ਪਾਣੀ ਹੇਠ ਰੱਖੋ। ਸੜੀ ਹੋਈ ਥਾਂ ’ਤੇ ਟੁੱਥਪੇਸਟ ਜਾਂ ਬਰਫ਼ ਨਾ ਲਗਾਓ। ਜੇਕਰ ਅੱਖ ਵਿੱਚ ਚਿੰਗਾਰੀ ਪੈ ਜਾਵੇ ਤਾਂ ਅੱਖ ਨੂੰ ਨਾ ਮਲੋ ਅਤੇ ਤੁਰੰਤ ਹਸਪਤਾਲ ਜਾਓ। ਗੰਭੀਰ ਸੜਨ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ’ਤੇ ਤੁਰੰਤ ਡਾਕਟਰੀ ਮਦਦ ਲਵੋ।

ਬੱਚਿਆਂ ਨਾਲ ਇਸ ਤਰ੍ਹਾਂ ਮਨਾਓ ਦੀਵਾਲੀ

ਮਾਪੇ ਬੱਚਿਆਂ ਨਾਲ ਮਿਲ ਕੇ ਦੀਵਾਲੀ ਮੌਕੇ ਕੋਈ ਸਵਾਦਿਸ਼ਟ ਪਕਵਾਨ ਬਣਾ ਸਕਦੇ ਹਨ। ਇਸ ਨਾਲ ਬੱਚੇ ਘਰ ਦੇ ਕੰਮ ਵਿੱਚ ਹਿੱਸਾ ਲੈਣਗੇ ਅਤੇ ਪਰਿਵਾਰ ਨਾਲ ਉਨ੍ਹਾਂ ਦਾ ਸਮਾਂ ਵੀ ਚੰਗਾ ਬਤੀਤ ਹੋਵੇਗਾ। ਇਸ ਤੋਂ ਇਲਾਵਾ, ਜਦੋਂ ਸ਼ਾਮ ਨੂੰ ਮਹਿਮਾਨ ਘਰ ਆਉਣ ਤਾਂ ਬੱਚਿਆਂ ਨੂੰ ਉਨ੍ਹਾਂ ਤੋਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਿਖਵਾਉਣ ਅਤੇ ਤੋਹਫ਼ੇ ਦੇਣ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਤਰ੍ਹਾਂ ਪਟਾਕਿਆਂ ਤੋਂ ਦੂਰ ਰਹਿ ਕੇ ਵੀ ਬੱਚਿਆਂ ਨਾਲ ਦੀਵਾਲੀ ਨੂੰ ਯਾਦਗਾਰ ਬਣਾਇਆ ਜਾ ਸਕਦਾ ਹੈ।