ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਏਸ਼ੀਅਨ ਗੇਮਜ਼ 2026 ਵਿੱਚ ਇਤਿਹਾਸ ਰਚ ਦਿੱਤਾ ਹੈ। ਮੀਰਾਬਾਈ ਨੇ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਕੁੱਲ 198 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਏਸ਼ੀਅਨ ਗੇਮਜ਼ ਵਿੱਚ ਮੀਰਾਬਾਈ ਦਾ ਪਹਿਲਾ ਤਗਮਾ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੇ 28 ਸਾਲਾਂ ਬਾਅਦ ਵੇਟਲਿਫਟਿੰਗ ਵਿੱਚ ਏਸ਼ੀਅਨ ਗੇਮਜ਼ ਦਾ ਤਗਮਾ ਜਿੱਤਿਆ ਹੈ।
ਮੀਰਾਬਾਈ ਨੇ ਸਨੈਚ ਵਿੱਚ 83 ਕਿਲੋਗ੍ਰਾਮ ਨਾਲ ਸ਼ੁਰੂਆਤ ਕੀਤੀ ਅਤੇ ਫਿਰ 85 ਕਿਲੋਗ੍ਰਾਮ ਦਾ ਸਫਲ ਯਤਨ ਕੀਤਾ। ਆਪਣੀ ਤੀਜੀ ਕੋਸ਼ਿਸ਼ ਵਿੱਚ ਉਨ੍ਹਾਂ ਨੇ 87 ਕਿਲੋਗ੍ਰਾਮ ਭਾਰ ਚੁੱਕਿਆ। ਇਸ ਤੋਂ ਬਾਅਦ ਕਲੀਨ ਐਂਡ ਜਰਕ ਵਿੱਚ ਮੀਰਾਬਾਈ ਨੇ 107 ਕਿਲੋਗ੍ਰਾਮ ਦੀ ਸਫਲ ਕੋਸ਼ਿਸ਼ ਕੀਤੀ ਅਤੇ ਦੂਜੀ ਕੋਸ਼ਿਸ਼ ਵਿੱਚ 111 ਕਿਲੋਗ੍ਰਾਮ ਭਾਰ ਚੁੱਕ ਕੇ ਆਪਣਾ ਕੁੱਲ ਸਕੋਰ 198 ਕਿਲੋਗ੍ਰਾਮ ਕਰ ਲਿਆ।
ਇਸ ਮੁਕਾਬਲੇ ਵਿੱਚ ਉੱਤਰੀ ਕੋਰੀਆ ਦੀ ਰੀ ਸੋਂਗ ਗਮ ਨੇ 215 ਕਿਲੋਗ੍ਰਾਮ ਦੇ ਕੁੱਲ ਭਾਰ ਨਾਲ ਸੋਨ ਤਗਮਾ ਜਿੱਤਿਆ, ਜਦਕਿ ਇੰਡੋਨੇਸ਼ੀਆ ਦੀ ਲੁਲੁਕ ਡਾਇਨਾ ਤ੍ਰੀ ਵਿਜਯਾਨਾ ਨੇ 191 ਕਿਲੋਗ੍ਰਾਮ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।
ਮੀਰਾਬਾਈ ਦਾ ਇਹ ਤਗਮਾ ਭਾਰਤ ਲਈ ਵੀ ਖਾਸ ਹੈ, ਕਿਉਂਕਿ ਏਸ਼ੀਅਨ ਗੇਮਜ਼ ਵਿੱਚ ਭਾਰਤ ਨੂੰ ਵੇਟਲਿਫਟਿੰਗ ਦਾ ਆਖਰੀ ਤਗਮਾ 1998 ਵਿੱਚ ਕਰਨਮ ਮੱਲੇਸ਼ਵਰੀ ਨੇ ਦਿਵਾਇਆ ਸੀ। ਹੁਣ ਮੀਰਾਬਾਈ ਨੇ 28 ਸਾਲਾਂ ਬਾਅਦ ਭਾਰਤ ਦੀ ਇਹ ਉਡੀਕ ਖਤਮ ਕਰ ਦਿੱਤੀ ਹੈ।
ਮੀਰਾਬਾਈ ਇਸ ਤੋਂ ਪਹਿਲਾਂ ਵੀ ਏਸ਼ੀਅਨ ਗੇਮਜ਼ ਵਿੱਚ ਹਿੱਸਾ ਲੈ ਚੁੱਕੀ ਹੈ, ਪਰ ਤਗਮਾ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕੀ ਸੀ। 2023 ਦੀਆਂ ਏਸ਼ੀਅਨ ਗੇਮਜ਼ ਵਿੱਚ ਉਹ ਚੌਥੇ ਸਥਾਨ ’ਤੇ ਰਹੀ ਸੀ। ਹੁਣ 2026 ਵਿੱਚ ਸਿਲਵਰ ਮੈਡਲ ਜਿੱਤ ਕੇ ਉਨ੍ਹਾਂ ਨੇ ਏਸ਼ੀਅਨ ਗੇਮਜ਼ ਦੇ ਤਗਮੇ ਦਾ ਆਪਣਾ ਲੰਮਾ ਇੰਤਜ਼ਾਰ ਖਤਮ ਕਰ ਦਿੱਤਾ ਹੈ।
