ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਵਿੱਚ ਡਿਪਟੀ ਲੀਡਰ ਅਸ਼ੋਕ ਮਿੱਤਲ ਦੇ ਘਰ ਅਤੇ ਦਫ਼ਤਰ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਕਾਰਵਾਈ ਤੋਂ ਬਾਅਦ ਸਿਆਸੀ ਪ੍ਰਤੀਕਿਰਿਆਵਾਂ ਦਾ ਦੌਰ ਤੇਜ਼ ਹੋ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ “ਭਾਜਪਾ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ। ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਦੇ ਘਰ ਅਤੇ ਯੂਨੀਵਰਸਿਟੀ ਵਿੱਚ ED ਦੀ ਰੇਡ—ਇਹ ਟਿਪਿਕਲ ਮੋਦੀ ਸਟਾਈਲ ਹੈ। ਅਸੀਂ ਉਹ ਪੱਤੇ ਨਹੀਂ ਜੋ ਟਾਹਣੀ ਤੋਂ ਟੁੱਟ ਕੇ ਡਿੱਗ ਜਾਵਾਂਗੇ, ਆੰਧੀਆਂ ਨੂੰ ਕਹੋ ਆਪਣੀ ਔਕਾਤ ਵਿੱਚ ਰਹਿਣ।”
ਹਰਿਆਣਾ ‘ਚ ‘ਆਪ’ ਦੇ ਆਗੂ ਅਨੁਰਾਗ ਢਾਂਢਾ ਨੇ ਵੀ ਭਾਜਪਾ ‘ਤੇ ਹਮਲਾ ਕਰਦਿਆਂ ਕਿਹਾ ਕਿ ਕੀ ਭਾਜਪਾ ਆਪਣੇ ਦਮ ‘ਤੇ ਚੋਣ ਨਹੀਂ ਲੜ ਸਕਦੀ? ਕੀ ਉਹ ਇੰਨੀ ਕਮਜ਼ੋਰ ਹੋ ਗਈ ਹੈ ਕਿ ਉਸ ਦੀਆਂ ਚੋਣੀ ਤਿਆਰੀਆਂ ED ਅਤੇ CBI ਦੀ ਕਾਰਵਾਈ ਨਾਲ ਹੀ ਸ਼ੁਰੂ ਹੁੰਦੀਆਂ ਹਨ? ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੀ ਹੈ।
ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਦੋਂ ਵੀ ਕਿਸੇ ਸੂਬੇ ਵਿੱਚ ਚੋਣਾਂ ਆਉਂਦੀਆਂ ਹਨ, ਸਭ ਤੋਂ ਪਹਿਲਾਂ ED ਅਤੇ CBI ਨੂੰ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣੀ “ਫੌਜ” ਦਾ ਪਹਿਲਾ ਦਸਤਾਹੁੰਦਾ ਹੈ, ਪਰ ਪੰਜਾਬ ਵਿੱਚ ਇਹ ਚਾਲਾਂ ਨਹੀਂ ਚੱਲਣਗੀਆਂ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ‘ਆਪ’ ਨੂੰ ਕੁਚਲਣ ਲਈ ਗੈਰ-ਸੰਵੈਧਾਨਕ ਤਰੀਕੇ ਵਰਤੇ ਜਾ ਰਹੇ ਹਨ ਅਤੇ ED ਨੂੰ “ਪਿੰਜਰੇ ਵਿੱਚ ਬੰਦ ਪਿਟਬੁਲ” ਵਾਂਗ ਵਰਤਿਆ ਜਾ ਰਿਹਾ ਹੈ। ਮੰਤਰੀ ਹਰਭਜਨ ਸਿੰਘ ETO ਨੇ ਵੀ ਕਿਹਾ ਕਿ ਜਦੋਂ-ਜਦੋਂ ਭਾਜਪਾ ਡਰਦੀ ਹੈ, ਉਹ ED ਨੂੰ ਅੱਗੇ ਕਰਦੀ ਹੈ।
‘ਆਪ’ ਨੇ ਇਸ ਕਾਰਵਾਈ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਹੈ। ਇਸ ਤੋਂ ਪਹਿਲਾਂ ਵੀ ਚੋਣੀ ਰਾਜਾਂ ਵਿੱਚ ਏਜੰਸੀਆਂ ਦੀ ਕਾਰਵਾਈ ਤੇਜ਼ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
13 ਅਪ੍ਰੈਲ 2026 ਨੂੰ ਪੱਛਮੀ ਬੰਗਾਲ ਵਿੱਚ ਆਈਪੈਕ ਦੇ ਸਹਿ-ਸੰਸਥਾਪਕ ਵਿਨੇਸ਼ ਚੰਦੈਲ ਨੂੰ ਕੋਇਲਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਇਲਾਵਾ, 9 ਅਪ੍ਰੈਲ ਨੂੰ ਕ੍ਰਿਸ਼ਨਾ ਦਮਾਨੀ ਅਤੇ 28 ਮਾਰਚ ਨੂੰ ਅਮਿਤ ਗਾਂਗੁਲੀ ‘ਤੇ ਵੀ ਕਾਰਵਾਈ ਕੀਤੀ ਗਈ।
ਇਸ ਤੋਂ ਪਹਿਲਾਂ 2024 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤੇਲੰਗਾਨਾ ਦੀ ਨੇਤਾ ਕਵਿਤਾ, ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ‘ਆਪ’ ਦੇ ਆਗੂਆਂ ਮਨਿਸ਼ ਸਿਸੋਦੀਆ ਤੇ ਸੰਜੇ ਸਿੰਘ ‘ਤੇ ਵੀ ਚੋਣਾਂ ਤੋਂ ਪਹਿਲਾਂ ED ਵੱਲੋਂ ਕਾਰਵਾਈ ਕੀਤੀ ਗਈ ਸੀ।
ਇਹ ਸਾਰੇ ਮਾਮਲੇ ਉਹਨਾਂ ਰਾਜਾਂ ਨਾਲ ਜੁੜੇ ਹਨ ਜਿੱਥੇ ਗੈਰ-ਭਾਜਪਾ ਸਰਕਾਰਾਂ ਸੱਤਾ ਵਿੱਚ ਸਨ।
