LIVE TV
ਤਾਜ਼ਾ ਖ਼ਬਰਾਂ
ਬੁੱਧਵਾਰ, 11 ਨਵੰਬਰ 2026
ਅੰਤਰਰਾਸ਼ਟਰੀ

ਜਾਪਾਨ ‘ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਮਚੀ ਹਫੜਾ-ਦਫੜੀ, ਜਾਨ ਬਚਾਉਣ ਲਈ ਘਰਾਂ ‘ਚੋਂ ਬਾਹਰ ਭੱਜੇ ਲੋਕ

ਜਾਪਾਨ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਸ਼ਨੀਵਾਰ ਦੇਰ ਰਾਤ ਆਏ 5.7 ਤੀਬਰਤਾ ਦੇ ਭੂਚਾਲ ਕਾਰਨ ਘੱਟੋ-ਘੱਟ 22 ਲੋਕ ਜ਼ਖ਼ਮੀ ਹੋ ਗਏ, ਜਦਕਿ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਘਰਾਂ ਅਤੇ ਇਮਾਰਤਾਂ ਵਿੱਚੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ।

ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਸ਼ਿਜ਼ੂਓਕਾ ਸੂਬੇ ਵਿੱਚ ਜ਼ਮੀਨ ਤੋਂ ਲਗਭਗ 40 ਕਿਲੋਮੀਟਰ ਹੇਠਾਂ ਸੀ। ਹਾਲਾਂਕਿ, ਇਸ ਦੇ ਸਭ ਤੋਂ ਤੇਜ਼ ਝਟਕੇ ਆਈਚੀ ਸੂਬੇ ਵਿੱਚ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਜਾਪਾਨ ਵਿੱਚ ਆਇਆ ਇਹ ਤੀਜਾ ਤੇਜ਼ ਭੂਚਾਲ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ 6 ਤੀਬਰਤਾ ਅਤੇ 7 ਨਵੰਬਰ ਨੂੰ 5.6 ਤੀਬਰਤਾ ਦਾ ਭੂਚਾਲ ਆਇਆ ਸੀ।

ਉੱਧਰ, ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਲੋਕਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਭੂਚਾਲ ਦੇ ਖ਼ਤਰੇ ਨੂੰ ਲੈ ਕੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਏਜੰਸੀ ਨੇ ਖ਼ਾਸ ਤੌਰ ‘ਤੇ ਅਗਲੇ 2 ਤੋਂ 3 ਦਿਨਾਂ ਦੌਰਾਨ ਹੋਰ ਤੇਜ਼ ਝਟਕੇ ਆਉਣ ਦੀ ਸੰਭਾਵਨਾ ਜਤਾਈ ਹੈ। ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸੁਰੱਖਿਆ ਸਬੰਧੀ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।