ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਬਾਲੀਵੁੱਡ ਗਾਇਕਾ ਆਸ਼ਾ ਭੋਸਲੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਵਿਛੋੜੇ ਨਾਲ ਸਿਰਫ਼ ਸੰਗੀਤ ਜਗਤ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਮੁੱਖ ਮੰਤਰੀ ਮਾਨ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਆਸ਼ਾ ਭੋਸਲੇ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਆਸ਼ਾ ਭੋਸਲੇ ਨੇ ਆਪਣੇ ਲੰਮੇ ਸੰਗੀਤਕ ਸਫਰ ਦੌਰਾਨ ਅਣਗਿਣਤ ਹਿੱਟ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਅਮਿੱਟ ਛਾਪ ਛੱਡੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਆਸ਼ਾ ਭੋਸਲੇ ਦੇ ਜਾਣ ਨਾਲ ਭਾਰਤੀ ਸੰਗੀਤ ਜਗਤ ਦਾ ਇੱਕ ਸੁਨਹਿਰੀ ਯੁੱਗ ਖਤਮ ਹੋ ਗਿਆ ਹੈ। ਉਨ੍ਹਾਂ ਦੀ ਮਿਠੀ ਆਵਾਜ਼ ਅਤੇ ਬੇਮਿਸਾਲ ਕਲਾ ਨੇ ਸੰਗੀਤ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। ਇਹ ਘਾਟਾ ਐਸਾ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਆਸ਼ਾ ਭੋਸਲੇ ਦਾ ਸੰਗੀਤਕ ਯੋਗਦਾਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਉਨ੍ਹਾਂ ਇਸ ਦੁੱਖ ਦੀ ਘੜੀ ਵਿੱਚ ਆਸ਼ਾ ਭੋਸਲੇ ਦੇ ਪਰਿਵਾਰ, ਦੋਸਤਾਂ ਅਤੇ ਲੱਖਾਂ ਚਾਹੁਣ ਵਾਲਿਆਂ ਨਾਲ ਡੂੰਘੀ ਹਮਦਰਦੀ ਜਤਾਈ। ਨਾਲ ਹੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰਨ।
