1 ਮਈ ਤੋਂ ਨਹੀਂ ਲੱਗਣਗੇ ਬਿਜਲੀ ਦੇ ਕੱਟ, ਮੰਤਰੀ ਸੰਜੀਵ ਅਰੋੜਾ ਦਾ ਵੱਡਾ ਬਿਆਨ

ਪੰਜਾਬ ਵਿੱਚ ਵਧ ਰਹੀ ਗਰਮੀ ਦੇ ਕਾਰਨ ਲੱਗ ਰਹੇ ਬਿਜਲੀ ਕੱਟਾਂ ਵਿਚਾਲੇ ਬਿਜਲੀ ਮੰਤਰੀ ਸੰਜੀਵ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਜਲੀ ਦੀ ਘਾਟ ਨਾਲ ਪਰੇਸ਼ਾਨ ਲੋਕਾਂ ਲਈ ਮੰਤਰੀ ਨੇ ਰਾਹਤ ਭਰੀ ਖ਼ਬਰ ਦਿੰਦਿਆਂ ਕਿਹਾ ਹੈ ਕਿ 1 ਮਈ ਤੋਂ ਸੂਬੇ ਭਰ ਵਿੱਚ ਬਿਜਲੀ ਸਪਲਾਈ ਕਾਫ਼ੀ ਹੱਦ ਤੱਕ ਆਮ ਹੋ ਜਾਵੇਗੀ ਅਤੇ ਕੱਟਾਂ ਦੀ ਸਮੱਸਿਆ ਵਿੱਚ ਵੱਡੀ ਕਮੀ ਆਵੇਗੀ।

ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਸਾਲ ਗਰਮੀ ਸਮੇਂ ਤੋਂ ਪਹਿਲਾਂ ਅਤੇ ਜ਼ਿਆਦਾ ਤੀਬਰ ਹੋਣ ਕਾਰਨ ਅਪ੍ਰੈਲ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ ਅਚਾਨਕ ਵੱਧ ਗਈ। ਇਸ ਵਧੀ ਹੋਈ ਮੰਗ ਕਾਰਨ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲਗਾਉਣੇ ਪਏ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਸਮੱਸਿਆ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਪੂਰੇ ਉੱਤਰ ਭਾਰਤ ਵਿੱਚ ਇਸ ਤਰ੍ਹਾਂ ਦਾ ਦਬਾਅ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਵਿਭਾਗ ਵੱਲੋਂ ਗਰਿੱਡਾਂ ਦੀ ਅਪਗ੍ਰੇਡੇਸ਼ਨ ਅਤੇ ਮੈਂਟੇਨੈਂਸ ਨਾਲ ਸੰਬੰਧਿਤ ਕਈ ਕੰਮ ਅਸਥਾਈ ਤੌਰ ‘ਤੇ ਰੋਕ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਬਿਨਾਂ ਰੁਕਾਵਟ ਬਿਜਲੀ ਸਪਲਾਈ ਦਿੱਤੀ ਜਾ ਸਕੇ। ਕੁਝ ਥਾਵਾਂ ‘ਤੇ ਕਣਕ ਦੀ ਫਸਲ ਨੂੰ ਅੱਗ ਦੇ ਖਤਰੇ ਤੋਂ ਬਚਾਉਣ ਲਈ ਵੀ ਸੁਰੱਖਿਆ ਦੇ ਮੱਦੇਨਜ਼ਰ ਅਸਥਾਈ ਕੱਟ ਲਗਾਉਣੇ ਪਏ।

ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕਰੀਬ 6000 ਕਰੋੜ ਰੁਪਏ ਗਰਿੱਡ ਅਪਗ੍ਰੇਡੇਸ਼ਨ ‘ਤੇ ਖਰਚ ਕੀਤੇ ਜਾ ਰਹੇ ਹਨ। ਇਹ ਕੰਮ 15 ਮਈ ਤੱਕ ਪੂਰੇ ਕਰਨ ਦਾ ਲੱਖਿਆ ਸੀ, ਪਰ ਵਧਦੀ ਗਰਮੀ ਦੇ ਚਲਦੇ ਇਸ ਸਮੇਂ ਲਈ ਤਰਜੀਹ ਨਿਰਵਿਘਨ ਸਪਲਾਈ ਨੂੰ ਦਿੱਤੀ ਜਾ ਰਹੀ ਹੈ।

ਸੰਜੀਵ ਅਰੋੜਾ ਨੇ ਭਰੋਸਾ ਦਿਵਾਇਆ ਕਿ 1 ਮਈ ਤੋਂ ਬਿਜਲੀ ਦੀ ਘਾਟ ਵਿੱਚ ਵੱਡੀ ਕਮੀ ਆਵੇਗੀ ਅਤੇ ਲੋਕਾਂ ਨੂੰ ਲਗਾਤਾਰ ਸਪਲਾਈ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਦੌਰਾਨ ਸੰਯਮ ਨਾਲ ਬਿਜਲੀ ਦੀ ਵਰਤੋਂ ਕਰਨ ਅਤੇ ਸਰਕਾਰ ਦਾ ਸਹਿਯੋਗ ਦੇਣ, ਤਾਂ ਜੋ ਸਥਿਤੀ ਨੂੰ ਜਲਦੀ ਕਾਬੂ ਵਿੱਚ ਲਿਆਂਦਾ ਜਾ ਸਕੇ।

Leave a Reply

Your email address will not be published. Required fields are marked *