ਨੇਪਾਲ ’ਚ ਲੈਂਡਿੰਗ ਦੌਰਾਨ ਦੋ ਹੈਲੀਕਾਪਟਰਾਂ ਦੀ ਟੱਕਰ, ਭਾਰਤੀ ਨਾਗਰਿਕ ਦੀ ਮੌਤ; ਕਈ ਜ਼ਖਮੀ

ਨੇਪਾਲ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਵਾਈ ਹਾਦਸਾ ਵਾਪਰ ਗਿਆ। ਮਾਊਂਟ ਐਵਰੈਸਟ ਖੇਤਰ ਦੇ ਫੇਰੀਚੇ ਹੈਲੀਪੈਡ ’ਤੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਯਾਤਰੀ ਅਤੇ ਦੋਵੇਂ ਹੈਲੀਕਾਪਟਰਾਂ ਦੇ ਪਾਇਲਟ ਜ਼ਖਮੀ ਹੋ ਗਏ।
ਨੇਪਾਲ ਪੁਲਿਸ ਦੀਆਂ ਸ਼ੁਰੂਆਤੀ ਰਿਪੋਰਟਾਂ ਮੁਤਾਬਕ, ਇਹ ਹਾਦਸਾ ਸਵੇਰੇ ਕਰੀਬ 8 ਵੱਜ ਕੇ 11 ਮਿੰਟ ’ਤੇ ਵਾਪਰਿਆ। ਫਿਸ਼ਟੇਲ ਏਅਰ ਅਤੇ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਲੈਂਡਿੰਗ ਦੌਰਾਨ ਟਕਰਾ ਗਏ। ਹਾਦਸੇ ਵਿੱਚ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਵਸੰਤ ਕੁਮਾਰ ਬਲਰਾਮਰਾਮਾਡੂ ਵਜੋਂ ਹੋਈ ਹੈ। ਉਹ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਸੀ।
ਸ਼ੁਰੂਆਤੀ ਜਾਣਕਾਰੀ ਅਨੁਸਾਰ, ਉਸੇ ਹੈਲੀਕਾਪਟਰ ਵਿੱਚ ਸਵਾਰ ਭਾਰਤੀ ਮੂਲ ਦੇ ਨਿਊਜ਼ੀਲੈਂਡ ਨਾਗਰਿਕ ਸ਼ੈਲੇਸ਼ ਕ੍ਰਿਸ਼ਨਾ ਪਟੇਲ ਵੀ ਜ਼ਖਮੀ ਹੋਏ ਹਨ। ਉੱਥੇ ਹੀ ਦੋਵੇਂ ਹੈਲੀਕਾਪਟਰਾਂ ਦੇ ਪਾਇਲਟਾਂ ਨੂੰ ਵੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਕਾਠਮੰਡੂ ਲਿਜਾਇਆ ਗਿਆ ਹੈ।
ਅਧਿਕਾਰੀਆਂ ਮੁਤਾਬਕ, ਫਿਸ਼ਟੇਲ ਏਅਰ ਦਾ ਹੈਲੀਕਾਪਟਰ ਕੈਪਟਨ ਪ੍ਰਜਵਲ ਕੇਸੀ ਉਡਾ ਰਹੇ ਸਨ, ਜਦਕਿ ਏਅਰ ਡਾਇਨੈਸਟੀ ਦੇ ਹੈਲੀਕਾਪਟਰ ਦੀ ਕਮਾਨ ਕੈਪਟਨ ਰਬਿੰਦਰ ਪ੍ਰਜਾਪਤੀ ਕੋਲ ਸੀ। ਹਾਦਸੇ ਤੋਂ ਬਾਅਦ ਸਿਮਰਿਕ ਏਅਰ ਦਾ ਹੈਲੀਕਾਪਟਰ ਵੀ ਮੌਕੇ ’ਤੇ ਪਹੁੰਚਿਆ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ।
ਫਿਲਹਾਲ ਦੋਵੇਂ ਹੈਲੀਕਾਪਟਰਾਂ ਵਿੱਚ ਸਵਾਰ ਕੁੱਲ ਯਾਤਰੀਆਂ ਦੀ ਗਿਣਤੀ ਬਾਰੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਅਤੇ ਸਬੰਧਤ ਅਧਿਕਾਰੀ ਹਾਦਸੇ ਦੇ ਕਾਰਨਾਂ ਅਤੇ ਹੋਰ ਵੇਰਵਿਆਂ ਦੀ ਜਾਂਚ ਕਰ ਰਹੇ ਹਨ।



