LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਅੰਤਰਰਾਸ਼ਟਰੀ

ਅਮਰੀਕਾ ’ਚ ਨਗਰ ਕੀਰਤਨ ਦੌਰਾਨ ਹਿੰਸਾ, 2 ਲੋਕ ਜ਼ਖਮੀ, ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ

ਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸਟਰ ਕਾਉਂਟੀ ਵਿੱਚ ਆਯੋਜਿਤ 47ਵੇਂ ਸਾਲਾਨਾ ਨਗਰ ਕੀਰਤਨ ਅਤੇ ਮੇਲੇ ਦੌਰਾਨ ਹਿੰਸਾ ਦੀਆਂ ਦੋ ਵੱਖ-ਵੱਖ ਘਟਨਾਵਾਂ ਸਾਹਮਣੇ ਆਈਆਂ ਹਨ। ਪਿਛਲੇ ਸ਼ਨੀਵਾਰ ਨੂੰ ਪਾਰਕਿੰਗ ਵਿੱਚ ਗੋਲੀਬਾਰੀ ਹੋਈ, ਜਦਕਿ ਐਤਵਾਰ ਨੂੰ ਨਗਰ ਕੀਰਤਨ ਦੇ ਜਲੂਸ ਦੌਰਾਨ ਚਾਕੂ ਨਾਲ ਹਮਲਾ ਕੀਤਾ ਗਿਆ। ਸਟਰ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵੱਲੋਂ ਦੋਵਾਂ ਘਟਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਇਨ੍ਹਾਂ ਘਟਨਾਵਾਂ ਦਾ ਆਪਸ ਵਿੱਚ ਕੋਈ ਸਬੰਧ ਹੈ।

ਜਾਣਕਾਰੀ ਮੁਤਾਬਕ, ਯੂਬਾ ਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅਤੇ ਮੇਲੇ ਵਿੱਚ ਸ਼ਾਮਲ ਹੋਈਆਂ ਸਨ। ਇਸ ਦੌਰਾਨ ਟੀਏਰਾ ਬੁਏਨਾ ਰੋਡ ’ਤੇ ਸਥਿਤ ਪਾਰਕਿੰਗ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇੱਕ ਸ਼ੱਕੀ ਦੀ ਪਛਾਣ ਕੀਤੀ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਅਗਲੇ ਦਿਨ ਐਤਵਾਰ ਨੂੰ ਨਗਰ ਕੀਰਤਨ ਦੇ ਜਲੂਸ ਦੌਰਾਨ ਚਾਕੂ ਨਾਲ ਹਮਲੇ ਦੀ ਘਟਨਾ ਵਾਪਰੀ, ਜਿਸ ਵਿੱਚ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ, ਇੱਕ ਜ਼ਖਮੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਸਦਾ ਇਲਾਜ ਯੂਸੀ ਡੇਵਿਸ ਮੈਡੀਕਲ ਸੈਂਟਰ ਵਿੱਚ ਚੱਲ ਰਿਹਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਸੈਕਰਾਮੈਂਟੋ ਦੇ ਰਹਿਣ ਵਾਲੇ 28 ਸਾਲਾ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਕਈ ਦੋਸ਼ ਲਗਾਏ ਗਏ ਹਨ। ਹਾਲਾਂਕਿ, ਪੁਲਿਸ ਵੱਲੋਂ ਦੋਵਾਂ ਘਟਨਾਵਾਂ ਵਿਚਾਲੇ ਸਬੰਧ ਹੋਣ ਜਾਂ ਨਾ ਹੋਣ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ।

ਸਟਰ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਮੁਤਾਬਕ, ਜਾਂਚਕਰਤਾ ਸਿੱਖ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ, ਤਾਂ ਜੋ ਘਟਨਾਵਾਂ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਪੁਲਿਸ ਨੇ ਮਾਮਲੇ ਸਬੰਧੀ ਹੋਰ ਜਾਣਕਾਰੀ ਬੁੱਧਵਾਰ ਨੂੰ ਜਾਰੀ ਕਰਨ ਦੀ ਗੱਲ ਕਹੀ ਹੈ।