ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀ

ਪੰਜਾਬ ਦੇ ਲੋਕ ਇਸ ਸਮੇਂ ਤਪਦੀ ਗਰਮੀ ਅਤੇ ਵਧਦੇ ਤਾਪਮਾਨ ਕਾਰਨ ਕਾਫੀ ਪਰੇਸ਼ਾਨ ਹਨ। ਦਿਨੋ-ਦਿਨ ਪਾਰਾ ਚੜ੍ਹਦਾ ਜਾ ਰਿਹਾ ਹੈ ਅਤੇ ਭਾਵੇਂ ਐਤਵਾਰ ਨੂੰ ਤਾਪਮਾਨ ਵਿੱਚ ਮਾਮੂਲੀ 0.4 ਡਿਗਰੀ ਦੀ ਕਮੀ ਦਰਜ ਕੀਤੀ ਗਈ, ਪਰ ਇਹ ਅਜੇ ਵੀ ਸਧਾਰਨ ਤੋਂ ਕਰੀਬ 3.3 ਡਿਗਰੀ ਵੱਧ ਹੈ। ਗਰਮੀ ਦਾ ਕਹਿਰ ਜਾਰੀ ਹੈ, ਪਰ ਹੁਣ ਮੌਸਮ ਵਿਭਾਗ ਵੱਲੋਂ ਲੋਕਾਂ ਲਈ ਕੁਝ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ।

ਮੌਸਮ ਵਿਭਾਗ ਦੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਸੂਬੇ ਦੇ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ। ਤਪਦੇ ਤਾਪਮਾਨ ਵਿਚਾਲੇ ਹੁਣ ਆਸਮਾਨ ਦੇ ਰੰਗ ਬਦਲਣਗੇ, ਹਵਾਵਾਂ ਦਾ ਰੁਖ਼ ਵੀ ਬਦਲੇਗਾ ਅਤੇ ਲੋਕਾਂ ਨੂੰ ਠੰਡੀਆਂ ਹਵਾਵਾਂ ਦਾ ਅਹਿਸਾਸ ਹੋ ਸਕਦਾ ਹੈ। 27 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਈ 4 ਦਿਨਾਂ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ ਹਨ੍ਹੇਰੀ, ਤੇਜ਼ ਹਵਾਵਾਂ, ਝੱਖੜ ਅਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

27 ਅਪ੍ਰੈਲ ਨੂੰ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਬੱਦਲ ਗਰਜਣ, ਹਨ੍ਹੇਰੀ ਅਤੇ ਤੂਫ਼ਾਨੀ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਦਿਨ ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਲੂ ਚੱਲਣ ਦਾ ਵੀ ਅਨੁਮਾਨ ਹੈ, ਜਿਸ ਕਾਰਨ ਇਨ੍ਹਾਂ ਇਲਾਕਿਆਂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਨਾਲ ਹੀ ਹੀਟ ਵੇਵ ਦਾ ਅਸਰ ਵੀ ਜਾਰੀ ਰਹੇਗਾ। 28 ਅਪ੍ਰੈਲ ਨੂੰ ਪੂਰੇ ਸੂਬੇ ਵਿੱਚ ਹਨ੍ਹੇਰੀ ਦੀ ਸੰਭਾਵਨਾ ਹੈ, ਜਦਕਿ 29 ਅਪ੍ਰੈਲ ਤੋਂ ਮੌਸਮ ਵਿੱਚ ਹੌਲੀ-ਹੌਲੀ ਬਦਲਾਅ ਆਉਣਾ ਸ਼ੁਰੂ ਹੋਵੇਗਾ। 30 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ, ਜਿਸ ਨਾਲ ਤਾਪਮਾਨ ਵਿੱਚ ਕਮੀ ਆ ਸਕਦੀ ਹੈ।

27 ਅਪ੍ਰੈਲ ਤੋਂ 2 ਮਈ ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਅਗਲੇ ਦੋ ਦਿਨ ਤਾਪਮਾਨ ਲਗਭਗ ਸਥਿਰ ਰਹੇਗਾ, ਪਰ ਉਸ ਤੋਂ ਬਾਅਦ 2 ਤੋਂ 4 ਡਿਗਰੀ ਤੱਕ ਦੀ ਗਿਰਾਵਟ ਦਰਜ ਹੋ ਸਕਦੀ ਹੈ। 26 ਅਤੇ 27 ਅਪ੍ਰੈਲ ਨੂੰ ਕੁਝ ਇਲਾਕਿਆਂ ਵਿੱਚ ਲੂ ਚੱਲਣ ਦੀ ਸੰਭਾਵਨਾ ਹੈ, ਜਦਕਿ 2 ਮਈ ਤੱਕ ਗਰਜ-ਚਮਕ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੇ ਵੀ ਸੰਕੇਤ ਹਨ।

ਕੁੱਲ ਮਿਲਾ ਕੇ, ਗਰਮੀ ਨਾਲ ਜੂਝ ਰਹੇ ਲੋਕਾਂ ਲਈ ਇਹ ਮੌਸਮੀ ਤਬਦੀਲੀ ਕੁਝ ਰਾਹਤ ਲੈ ਕੇ ਆ ਸਕਦੀ ਹੈ, ਪਰ ਨਾਲ ਹੀ ਤੂਫ਼ਾਨੀ ਹਵਾਵਾਂ ਅਤੇ ਹਨ੍ਹੇਰੀ ਨੂੰ ਲੈ ਕੇ ਸਾਵਧਾਨ ਰਹਿਣ ਦੀ ਵੀ ਲੋੜ ਹੈ।

Leave a Reply

Your email address will not be published. Required fields are marked *