LIVE TV
ਤਾਜ਼ਾ ਖ਼ਬਰਾਂ
ਸ਼ੁੱਕਰਵਾਰ, 13 ਨਵੰਬਰ 2026
ਰਾਜਨੀਤੀ

ਕਰੀਬੀਆਂ ਖ਼ਿਲਾਫ਼ ਈਡੀ ਦੀ ਜਾਂਚ ਮਗਰੋਂ ਮਜੀਠੀਆ ਦੀ ਖ਼ਾਮੋਸ਼ੀ 'ਤੇ ਬਲਤੇਜ ਪੰਨੂ ਨੇ ਉਠਾਏ ਸਵਾਲ

ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਾਥੀਆਂ 'ਤੇ ਈਡੀ ਕਾਰਵਾਈ ਮਗਰੋਂ ਉਨ੍ਹਾਂ ਦੇ ਚੁੱਪ ਰਹਿਣ 'ਤੇ ਤਨਜ਼ ਕੱਸਿਆ ਹੈ।

ਫ਼ਾਈਲ ਫ਼ੋਟੋ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੀਡੀਆ ਵਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਲਤੇਜ ਪੰਨੂ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਮਜੀਠੀਆ ਦੇ ਨਜ਼ਦੀਕੀਆਂ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਵੱਲੋਂ ਧਾਰੀ ਚੁੱਪ 'ਤੇ ਸਵਾਲ ਖੜ੍ਹੇ ਕੀਤੇ ਹਨ।

ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਟਿੱਪਣੀ ਕਰਦਿਆਂ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਕੇਂਦਰੀ ਜਾਂਚ ਏਜੰਸੀ ਵੱਲੋਂ ਮਜੀਠੀਆ ਦੇ ਇੱਕ ਕਰੀਬੀ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ ਗਿਆ ਅਤੇ ਇੱਕ ਹੋਰ ਜਾਣਕਾਰ ਨੂੰ ਸੰਮਣ ਭੇਜਿਆ ਗਿਆ ਹੈ।

'ਆਪ' ਆਗੂ ਨੇ ਕਿਹਾ ਕਿ ਖ਼ੁਦ ਨੂੰ ਮਾਝੇ ਦਾ ਜਰਨੈਲ ਅਖਵਾਉਣ ਵਾਲੇ ਮਜੀਠੀਆ ਆਮ ਤੌਰ 'ਤੇ ਦੂਜੇ ਸਿਆਸਤਦਾਨਾਂ ਦੀ ਸਿਹਤ ਅਤੇ ਦਵਾਈਆਂ ਬਾਰੇ ਖੁੱਲ੍ਹ ਕੇ ਬੋਲਦੇ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮਜੀਠੀਆ ਅਕਸਰ ਸੀਬੀਆਈ ਅਤੇ ਈਡੀ ਦੇ ਅਣ-ਅਧਿਕਾਰਤ ਬੁਲਾਰੇ ਵਾਂਗ ਵਿਚਰਦੇ ਦਿਖਾਈ ਦਿੰਦੇ ਸਨ।

ਪੰਨੂ ਨੇ ਸਵਾਲ ਉਠਾਇਆ ਕਿ ਜਦੋਂ ਜਾਂਚ ਏਜੰਸੀ ਦੀ ਕਾਰਵਾਈ ਉਨ੍ਹਾਂ ਦੇ ਆਪਣੇ ਜਾਣਕਾਰਾਂ ਵਿਰੁੱਧ ਹੋਈ ਹੈ ਤਾਂ ਉਨ੍ਹਾਂ ਨਾ ਤਾਂ ਪੱਤਰਕਾਰਾਂ ਸਾਹਮਣੇ ਆ ਕੇ ਕੋਈ ਪੱਖ ਰੱਖਿਆ ਅਤੇ ਨਾ ਹੀ ਇੰਟਰਨੈੱਟ 'ਤੇ ਕੋਈ ਟਿੱਪਣੀ ਕੀਤੀ ਹੈ।