LIVE TV
ਤਾਜ਼ਾ ਖ਼ਬਰਾਂ
ਸ਼ੁੱਕਰਵਾਰ, 13 ਨਵੰਬਰ 2026
ਰਾਜਨੀਤੀ

ਬੀਬੀ ਜਗੀਰ ਕੌਰ ਹੁਣ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਣਗੇ ਸ਼ਾਮਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੁਣ 15 ਨਵੰਬਰ ਦਿਨ ਐਤਵਾਰ ਨੂੰ ਬੇਗੋਵਾਲ ਵਿਖੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਤਣਗੇ।

Sukhbir Singh Badal
ਫ਼ਾਈਲ ਫ਼ੋਟੋ Ministry of Power / Wikimedia Commons, GODL-India

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਹੁਣ 15 ਨਵੰਬਰ ਦਿਨ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਪਹਿਲਾਂ ਇਹ ਸਮਾਗਮ ਸ਼ੁੱਕਰਵਾਰ 13 ਨਵੰਬਰ ਨੂੰ ਤੈਅ ਕੀਤਾ ਗਿਆ ਸੀ, ਜਿਸ ਨੂੰ ਦੋ ਦਿਨਾਂ ਲਈ ਅੱਗੇ ਪਾ ਦਿੱਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਨੂੰ ਬੇਗੋਵਾਲ ਸਥਿਤ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਵਿਖੇ ਆਉਣਗੇ। ਇਸ ਮੌਕੇ ਉਹ ਪਾਰਟੀ ਵਿੱਚ ਰਸਮੀ ਤੌਰ 'ਤੇ ਵਾਪਸੀ ਕਰਨਗੇ।

ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਮਗਰੋਂ ਅਕਾਲੀ ਦਲ ਤੋਂ ਵੱਖ ਹੋ ਗਏ ਸਨ ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਹਿੱਸਾ ਬਣੇ ਸਨ। ਬਾਗੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ੀ ਦੌਰਾਨ ਸਾਹਮਣੇ ਆਏ ਵਿਵਾਦ ਦੇ ਚੱਲਦਿਆਂ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।

ਇਸ ਤੋਂ ਪਹਿਲਾਂ ਵੀ ਕਈ ਸੀਨੀਅਰ ਆਗੂ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਤ ਚੁੱਕੇ ਹਨ। ਸਿਕੰਦਰ ਸਿੰਘ ਮਲੂਕਾ, ਇਕਬਾਲ ਸਿੰਘ ਝੂੰਦਾਂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਹਰਿੰਦਰ ਸਿੰਘ ਚੰਦੂਮਾਜਰਾ ਪੰਥਕ ਏਕਤਾ ਦੀ ਗੱਲ ਕਰਦਿਆਂ ਪਾਰਟੀ ਵਿੱਚ ਵਾਪਸ ਆਏ ਸਨ। ਇਸ ਦੇ ਨਾਲ ਹੀ ਪੁਨਰ ਸੁਰਜੀਤ ਧੜੇ ਨਾਲ ਰਹੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਕਪੂਰਥਲਾ ਜ਼ਿਲ੍ਹੇ ਦੇ ਬੇਗੋਵਾਲ ਅਤੇ ਭੁਲੱਥ ਹਲਕੇ ਨਾਲ ਬੀਬੀ ਜਗੀਰ ਕੌਰ ਦਾ ਲੰਮਾ ਸਿਆਸੀ ਨਾਤਾ ਰਿਹਾ ਹੈ। ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਗੀ ਆਗੂਆਂ ਦਾ ਅਕਾਲੀ ਦਲ ਵਿੱਚ ਵਾਪਸ ਆਉਣਾ ਇੱਕ ਅਹਿਮ ਘਟਨਾਕ੍ਰਮ ਮੰਨਿਆ ਜਾ ਰਿਹਾ ਹੈ।

ਅਹਿਮ ਘਟਨਾਕ੍ਰਮ

  • ਬੀਬੀ ਜਗੀਰ ਕੌਰ 15 ਨਵੰਬਰ ਦਿਨ ਐਤਵਾਰ ਨੂੰ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ
  • ਸ਼ੁੱਕਰਵਾਰ ਨੂੰ ਹੋਣ ਵਾਲਾ ਸਮਾਗਮ ਦੋ ਦਿਨਾਂ ਲਈ ਅੱਗੇ ਪਾਇਆ ਗਿਆ
  • ਸੁਖਬੀਰ ਸਿੰਘ ਬਾਦਲ ਬੇਗੋਵਾਲ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਪਹੁੰਚਣਗੇ
  • ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਸਮੇਤ ਕਈ ਆਗੂ ਪਹਿਲਾਂ ਹੀ ਪਰਤ ਚੁੱਕੇ ਹਨ