LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਦੇਸ਼

ਕੈਂਸਰ ਦੀਆਂ 1,364 ਦਵਾਈਆਂ ਦੀਆਂ ਘਟੀਆਂ ਕੀਮਤਾਂ ਲਾਗੂ, ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ

ਕੇਂਦਰ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਵਿੱਚ ਵਰਤੀਆਂ ਜਾਂਦੀਆਂ 1,364 ਦਵਾਈਆਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ ਵਿੱਚ ਕੀਤੀ ਗਈ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ। ਇਸ ਕਦਮ ਨਾਲ ਦੇਸ਼ ਭਰ ਦੇ ਮਰੀਜ਼ਾਂ ਨੂੰ ਸਾਲਾਨਾ ਲਗਭਗ 3,540 ਕਰੋੜ ਰੁਪਏ ਦੀ ਬਚਤ ਹੋਵੇਗੀ।

ਕੈਂਸਰ ਦੀਆਂ 1,364 ਦਵਾਈਆਂ ਦੀਆਂ ਘਟੀਆਂ ਕੀਮਤਾਂ ਲਾਗੂ, ਮਰੀਜ਼ਾਂ ਨੂੰ ਮਿਲੇਗੀ ਵੱਡੀ ਰਾਹਤ
ਪੰਜਾਬ ਟੈਲੀਵਿਜ਼ਨ

ਕੈਂਸਰ ਪੀੜਤ ਮਰੀਜ਼ਾਂ ਲਈ ਦਵਾਈਆਂ ਦੇ ਖ਼ਰਚੇ ਨੂੰ ਘਟਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਵੱਲੋਂ ਤੈਅ ਕੀਤੀਆਂ ਗਈਆਂ 121 ਸਾਲਟ ਅਧੀਨ ਆਉਂਦੀਆਂ 1,364 ਕੈਂਸਰ ਵਿਰੋਧੀ ਦਵਾਈਆਂ ਦੀਆਂ ਘਟੀਆਂ ਹੋਈਆਂ ਕੀਮਤਾਂ ਸੋਮਵਾਰ ਤੋਂ ਦੇਸ਼ ਭਰ ਵਿੱਚ ਅਮਲ ਵਿੱਚ ਆ ਗਈਆਂ ਹਨ।

ਰਸਾਇਣ ਅਤੇ ਖਾਦ ਮੰਤਰਾਲੇ ਮੁਤਾਬਕ ਨਵੀਆਂ ਦਰਾਂ ਲਾਗੂ ਹੋਣ ਨਾਲ ਖ਼ਪਤਕਾਰਾਂ ਨੂੰ ਹਰ ਸਾਲ ਅੰਦਾਜ਼ਨ 3,540.38 ਕਰੋੜ ਰੁਪਏ ਦੀ ਬੱਚਤ ਹੋਵੇਗੀ। ਕੈਂਸਰ ਦੇ ਇਲਾਜ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਪੈਣ ਵਾਲੇ ਵਿੱਤੀ ਬੋਝ ਨੂੰ ਘਟਾਉਣ ਲਈ ਵਪਾਰਕ ਮੁਨਾਫ਼ੇ 'ਤੇ ਹੱਦ ਮਿੱਥੀ ਗਈ ਹੈ।

ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ 8 ਨਵੰਬਰ ਤੱਕ 85 ਫਾਰਮਾਸਿਊਟੀਕਲ ਕੰਪਨੀਆਂ ਨੇ 1,364 ਫਾਰਮੂਲੇਸ਼ਨਾਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਇਹਨਾਂ ਵਿੱਚੋਂ 679 ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ, ਜਦਕਿ ਕੁਝ ਦਵਾਈਆਂ ਦੇ ਰੇਟ ਤਾਂ 96.45 ਫ਼ੀਸਦੀ ਤੱਕ ਘੱਟ ਗਏ ਹਨ।

ਅਥਾਰਟੀ ਨੇ ਹਦਾਇਤ ਕੀਤੀ ਹੈ ਕਿ ਕੋਈ ਵੀ ਕੈਮਿਸਟ ਜਾਂ ਹਸਪਤਾਲ ਵਿੱਚ ਚੱਲ ਰਹੀ ਫਾਰਮੇਸੀ ਇਹਨਾਂ ਦਵਾਈਆਂ ਦੇ ਛਪੇ ਨਵੇਂ ਰੇਟ ਤੋਂ ਵੱਧ ਪੈਸੇ ਨਹੀਂ ਵਸੂਲ ਸਕਦੀ। ਮਰੀਜ਼ ਦਵਾਈ ਦੇ ਪੈਕਟ 'ਤੇ ਛਪੀ ਨਵੀਂ ਕੀਮਤ ਦੀ ਪੁਸ਼ਟੀ ਫਾਰਮਾ ਸਹੀ ਦਾਮ ਮੋਬਾਈਲ ਐਪ ਜਾਂ ਅਥਾਰਟੀ ਦੀ ਵੈੱਬਸਾਈਟ ਰਾਹੀਂ ਵੀ ਕਰ ਸਕਦੇ ਹਨ।

ਜੇਕਰ ਕੋਈ ਵਿਕਰੇਤਾ ਨਿਰਧਾਰਿਤ ਕੀਮਤ ਤੋਂ ਵੱਧ ਪੈਸੇ ਮੰਗਦਾ ਹੈ ਤਾਂ ਖ਼ਪਤਕਾਰ ਫਾਰਮਾ ਜਨ ਸਮਾਧਾਨ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਟੋਲ ਫਰੀ ਹੈਲਪਲਾਈਨ ਨੰਬਰ 1800-111-255 'ਤੇ ਵੀ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।

ਅਹਿਮ ਘਟਨਾਕ੍ਰਮ

  • ਕੈਂਸਰ ਦੀਆਂ 1,364 ਦਵਾਈਆਂ ਦੇ ਸੋਧੇ ਹੋਏ ਪ੍ਰਚੂਨ ਰੇਟ ਸੋਮਵਾਰ ਤੋਂ ਲਾਗੂ ਹੋਏ
  • 679 ਬ੍ਰਾਂਡਾਂ ਦੀਆਂ ਕੀਮਤਾਂ 50 ਫ਼ੀਸਦੀ ਤੋਂ ਜ਼ਿਆਦਾ ਘਟੀਆਂ, ਵੱਧ ਤੋਂ ਵੱਧ ਕਟੌਤੀ 96.45 ਫ਼ੀਸਦੀ ਰਹੀ
  • ਨਵੀਆਂ ਦਰਾਂ ਨਾਲ ਦੇਸ਼ ਭਰ ਵਿੱਚ ਮਰੀਜ਼ਾਂ ਦੇ ਸਾਲਾਨਾ ਕਰੀਬ 3,540 ਕਰੋੜ ਰੁਪਏ ਬਚਣਗੇ
  • ਕੈਮਿਸਟਾਂ ਅਤੇ ਹਸਪਤਾਲਾਂ ਨੂੰ ਨਵੇਂ ਰੇਟਾਂ ਤੋਂ ਵੱਧ ਪੈਸੇ ਨਾ ਵਸੂਲਣ ਦੀ ਸਖ਼ਤ ਹਦਾਇਤ