LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਮੌਸਮ

ਚੰਡੀਗੜ੍ਹ ਵਿੱਚ ਪਾਰਾ ਡਿੱਗ ਕੇ 15 ਡਿਗਰੀ 'ਤੇ ਪੁੱਜਾ, ਤਿੰਨ ਸਾਲਾਂ ਦੀ ਸਭ ਤੋਂ ਠੰਢੀ ਅਕਤੂਬਰ ਰਾਤ

ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਪਿਛਲੇ ਤਿੰਨ ਸਾਲਾਂ ਦੌਰਾਨ ਅਕਤੂਬਰ ਮਹੀਨੇ ਦੀ ਸਭ ਤੋਂ ਠੰਢੀ ਰਾਤ ਰਹੀ।

ਚੰਡੀਗੜ੍ਹ ਵਿੱਚ ਪਾਰਾ ਡਿੱਗ ਕੇ 15 ਡਿਗਰੀ 'ਤੇ ਪੁੱਜਾ, ਤਿੰਨ ਸਾਲਾਂ ਦੀ ਸਭ ਤੋਂ ਠੰਢੀ ਅਕਤੂਬਰ ਰਾਤ
ਪੰਜਾਬ ਟੈਲੀਵਿਜ਼ਨ

ਚੰਡੀਗੜ੍ਹ ਵਿੱਚ ਸਾਫ਼ ਅਸਮਾਨ ਅਤੇ ਖ਼ੁਸ਼ਕ ਮੌਸਮ ਦੇ ਚੱਲਦਿਆਂ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰ ਦਾ ਘੱਟੋ-ਘੱਟ ਤਾਪਮਾਨ ਡਿੱਗ ਕੇ 15 ਡਿਗਰੀ ਸੈਲਸੀਅਸ 'ਤੇ ਪਹੁੰਚ ਗਿਆ, ਜੋ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਪਾਰਾ ਹੈ।

ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਅਕਤੂਬਰ ਦੌਰਾਨ ਇਹ ਸਭ ਤੋਂ ਠੰਢੀ ਰਾਤ ਰਹੀ ਹੈ। ਇਸ ਤੋਂ ਪਹਿਲਾਂ 27 ਅਕਤੂਬਰ 2023 ਨੂੰ ਪਾਰਾ 13.2 ਡਿਗਰੀ ਸੈਲਸੀਅਸ ਤੱਕ ਹੇਠਾਂ ਗਿਆ ਸੀ। ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 17.3 ਡਿਗਰੀ ਤੋਂ ਘਟ ਕੇ 15 ਡਿਗਰੀ ਰਹਿ ਗਿਆ, ਜੋ ਇਸ ਸੀਜ਼ਨ ਦੇ ਆਮ ਤਾਪਮਾਨ ਨਾਲੋਂ 1 ਡਿਗਰੀ ਸੈਲਸੀਅਸ ਘੱਟ ਹੈ।

ਇਸ ਗਿਰਾਵਟ ਕਾਰਨ ਚੰਡੀਗੜ੍ਹ ਦੀ ਰਾਤ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨਾਲੋਂ ਵੀ ਵੱਧ ਠੰਢੀ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ 16.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ ਸ਼ਿਮਲਾ ਵਿੱਚ ਰਾਤ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਹਫ਼ਤੇ ਦੇ ਅਖ਼ੀਰ ਵਿੱਚ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਇਹ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਅਸਮਾਨ ਸਾਫ਼ ਹੋਣ ਕਾਰਨ ਧਰਤੀ ਦੀ ਗਰਮੀ ਰਾਤ ਵੇਲੇ ਤੇਜ਼ੀ ਨਾਲ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਠੰਢ ਦਾ ਅਸਰ ਹੋਰ ਵਧ ਗਿਆ।

ਮੌਸਮ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਹਾਲੀਆ ਬਰਫ਼ਬਾਰੀ ਦਾ ਅਸਰ ਅਗਲੇ ਦਿਨਾਂ ਵਿੱਚ ਘਟਣ ਨਾਲ ਰਾਤ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਵੇਗਾ ਅਤੇ ਬਾਅਦ ਵਿੱਚ ਨਵੰਬਰ ਦੇ ਨੇੜੇ ਜਾ ਕੇ ਪਾਰਾ ਮੁੜ ਹੇਠਾਂ ਵੱਲ ਜਾਵੇਗਾ। ਆਉਣ ਵਾਲੇ ਤਿੰਨ ਦਿਨਾਂ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਅਤੇ ਰਾਤ ਦਾ ਤਾਪਮਾਨ 16 ਡਿਗਰੀ ਦੇ ਨੇੜੇ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1 ਡਿਗਰੀ ਵੱਧ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲੇਟਿਨ ਅਨੁਸਾਰ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ (ਏਕਿਊਆਈ) 51 ਦਰਜ ਕੀਤਾ ਗਿਆ, ਜੋ ਕਿ 'ਤਸੱਲੀਬਖ਼ਸ਼' ਸ਼੍ਰੇਣੀ ਵਿੱਚ ਆਉਂਦਾ ਹੈ।