LIVE TV
ਤਾਜ਼ਾ ਖ਼ਬਰਾਂ
ਵੀਰਵਾਰ, 12 ਨਵੰਬਰ 2026
ਪਰਵਾਸੀ

ਬਰਤਾਨੀਆ 'ਚ ਪੱਕੇ ਹੋਣ ਦੇ ਨਵੇਂ ਨਿਯਮ, ਆਮ ਪ੍ਰਵਾਸੀਆਂ ਨੂੰ ਦਸ ਸਾਲ ਉਡੀਕ ਕਰਨੀ ਪਵੇਗੀ

ਬਰਤਾਨੀਆ ਸਰਕਾਰ ਨੇ ਪ੍ਰਵਾਸੀਆਂ ਲਈ ‘ਅਰਨਡ ਸੈਟਲਮੈਂਟ’ ਨੀਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਜ਼ਿਆਦਾਤਰ ਲੋਕਾਂ ਲਈ ਪੱਕੇ ਹੋਣ ਦਾ ਸਮਾਂ ਪੰਜ ਸਾਲਾਂ ਤੋਂ ਵਧਾ ਕੇ ਦਸ ਸਾਲ ਕੀਤਾ ਗਿਆ ਹੈ।

ਬਰਤਾਨੀਆ 'ਚ ਪੱਕੇ ਹੋਣ ਦੇ ਨਵੇਂ ਨਿਯਮ, ਆਮ ਪ੍ਰਵਾਸੀਆਂ ਨੂੰ ਦਸ ਸਾਲ ਉਡੀਕ ਕਰਨੀ ਪਵੇਗੀ
ਪੰਜਾਬ ਟੈਲੀਵਿਜ਼ਨ

ਬਰਤਾਨੀਆ ਸਰਕਾਰ ਨੇ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਪੱਕੀ ਰਿਹਾਇਸ਼ ਦੇਣ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ। ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ‘ਅਰਨਡ ਸੈਟਲਮੈਂਟ’ ਮਾਡਲ ਮੁਤਾਬਕ ਹੁਣ ਪ੍ਰਵਾਸੀਆਂ ਨੂੰ ਪੰਜ ਸਾਲ ਬਾਅਦ ਆਪਣੇ ਆਪ ਪੱਕੇ ਹੋਣ ਦਾ ਹੱਕ ਨਹੀਂ ਮਿਲੇਗਾ, ਸਗੋਂ ਇਹ ਉਨ੍ਹਾਂ ਦੇ ਕੰਮ ਅਤੇ ਯੋਗਦਾਨ 'ਤੇ ਨਿਰਭਰ ਕਰੇਗਾ।

ਬਰਤਾਨੀਆ ਦੇ ਗ੍ਰਹਿ ਮੰਤਰਾਲੇ ਮੁਤਾਬਕ ਸਭ ਤੋਂ ਵੱਧ ਕਮਾਈ ਕਰਨ ਵਾਲੇ ਪ੍ਰਵਾਸੀ ਤਿੰਨ ਸਾਲਾਂ ਵਿੱਚ ਹੀ ਪੱਕੇ ਹੋਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ 50,271 ਪੌਂਡ ਤੋਂ ਵੱਧ ਕਮਾਉਣ ਵਾਲੇ ਅਤੇ ਡਾਕਟਰ, ਨਰਸਾਂ ਤੇ ਅਧਿਆਪਕਾਂ ਵਰਗੇ ਜਨਤਕ ਸੇਵਾਵਾਂ ਦੇ ਕਾਮੇ ਪੰਜ ਸਾਲਾਂ ਬਾਅਦ ਪੱਕੇ ਹੋ ਸਕਣਗੇ। ਬਾਕੀ ਆਮ ਕਾਮਿਆਂ ਲਈ ਪੱਕੇ ਹੋਣ ਦਾ ਸਮਾਂ ਵਧਾ ਕੇ ਦਸ ਸਾਲ ਤੈਅ ਕੀਤਾ ਗਿਆ ਹੈ।

ਕੇਅਰ ਵਰਕਰਾਂ ਲਈ ਸਰਕਾਰ ਨੇ ਵੱਖਰੇ ਨਿਯਮ ਬਣਾਏ ਹਨ। ਵੀਜ਼ਾ ਸ਼ਰਤਾਂ ਪੂਰੀਆਂ ਕਰਨ ਵਾਲੇ ਅਤੇ ਸਾਲਾਨਾ ਘੱਟੋ-ਘੱਟ 25,000 ਪੌਂਡ ਕਮਾਉਣ ਵਾਲੇ ਕੇਅਰ ਵਰਕਰ ਪੰਜ ਸਾਲਾਂ ਵਿੱਚ ਪੱਕੇ ਹੋ ਸਕਣਗੇ। ਇਸ ਸ਼ਰਤ ਨੂੰ ਪੂਰਾ ਨਾ ਕਰਨ ਵਾਲੇ ਕਾਮਿਆਂ ਨੂੰ ਨਵਾਂ ਪੰਜ ਸਾਲਾ ਵੀਜ਼ਾ ਲੈਣਾ ਪਵੇਗਾ ਅਤੇ ਉਹ ਕੁੱਲ ਦਸ ਸਾਲ ਪੂਰੇ ਕਰਨ ਮਗਰੋਂ ਹੀ ਪੱਕੇ ਹੋਣ ਦੀ ਅਰਜ਼ੀ ਦੇ ਸਕਣਗੇ।

ਨਵੀਂ ਨੀਤੀ ਤਹਿਤ ਪੱਕੇ ਹੋਣ ਲਈ ਚਾਰ ਮੁੱਖ ਸ਼ਰਤਾਂ ਲਾਜ਼ਮੀ ਕੀਤੀਆਂ ਗਈਆਂ ਹਨ। ਬਿਨੈਕਾਰ ਦਾ ਅਪਰਾਧਿਕ ਰਿਕਾਰਡ ਪੂਰੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ, ਉੱਚ ਪੱਧਰੀ ਅੰਗਰੇਜ਼ੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਸਰਕਾਰੀ ਖ਼ਜ਼ਾਨੇ ਦਾ ਕੋਈ ਦੇਣਾ ਬਾਕੀ ਨਹੀਂ ਹੋਣਾ ਚਾਹੀਦਾ ਅਤੇ ਨੈਸ਼ਨਲ ਇੰਸ਼ੋਰੈਂਸ ਵਿੱਚ ਲਗਾਤਾਰ ਯੋਗਦਾਨ ਜ਼ਰੂਰੀ ਹੈ।

ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੱਕੇ ਹੋਣ ਲਈ ਘੱਟੋ-ਘੱਟ 20 ਸਾਲ ਉਡੀਕ ਕਰਨੀ ਪਵੇਗੀ। ਇਸ ਤੋਂ ਇਲਾਵਾ ਛੋਟੀਆਂ ਕਿਸ਼ਤੀਆਂ ਜਾਂ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚਣ ਵਾਲੇ ਲੋਕਾਂ 'ਤੇ ਦਸ ਸਾਲ ਦੀ ਵਾਧੂ ਪਾਬੰਦੀ ਲੱਗੇਗੀ, ਜਿਸ ਕਾਰਨ ਉਨ੍ਹਾਂ ਨੂੰ ਪੱਕੇ ਹੋਣ ਵਿੱਚ 30 ਸਾਲ ਤੱਕ ਲੱਗ ਸਕਦੇ ਹਨ। ਮਨਜ਼ੂਰਸ਼ੁਦਾ ਰਸਤਿਆਂ ਰਾਹੀਂ ਆਉਣ ਵਾਲੇ ਸ਼ਰਨਾਰਥੀ ਪੰਜ ਸਾਲ ਬਾਅਦ ਪੱਕੇ ਹੋ ਸਕਣਗੇ।

ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਦੱਸਿਆ ਕਿ ਹੁਣ ਤੱਕ ਪੱਕੀ ਰਿਹਾਇਸ਼ ਲਗਭਗ ਆਪਣੇ ਆਪ ਮਿਲ ਜਾਂਦੀ ਸੀ, ਪਰ ਹੁਣ ਇਹ ਹੱਕ ਕਮਾਉਣਾ ਪਵੇਗਾ। ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨੇ ਕਿਹਾ ਕਿ ਨਵਾਂ ਪ੍ਰਬੰਧ ਉਨ੍ਹਾਂ ਕਾਮਿਆਂ ਦਾ ਸਨਮਾਨ ਕਰਦਾ ਹੈ ਜੋ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਂਦੇ ਹਨ।

ਸਰਕਾਰ ਮੁਤਾਬਕ ਨਵੇਂ ਨਿਯਮਾਂ ਕਾਰਨ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਪੱਕੇ ਹੋਣ ਲਈ ਪੰਜ ਸਾਲ ਤੋਂ ਜ਼ਿਆਦਾ ਸਮਾਂ ਲੱਗੇਗਾ। ਹਾਲਾਂਕਿ ਜਿਨ੍ਹਾਂ ਕੋਲ ਪਹਿਲਾਂ ਹੀ ਪੱਕੀ ਰਿਹਾਇਸ਼ ਹੈ, ਉਨ੍ਹਾਂ ਦੇ ਦਰਜੇ 'ਤੇ ਕੋਈ ਅਸਰ ਨਹੀਂ ਪਵੇਗਾ।

ਅਹਿਮ ਘਟਨਾਕ੍ਰਮ

  • ਵੱਧ ਕਮਾਈ ਕਰਨ ਵਾਲੇ ਤਿੰਨ ਸਾਲਾਂ ਵਿੱਚ ਅਤੇ ਡਾਕਟਰ, ਨਰਸਾਂ ਤੇ ਅਧਿਆਪਕ ਪੰਜ ਸਾਲਾਂ ਵਿੱਚ ਪੱਕੇ ਹੋ ਸਕਣਗੇ
  • ਆਮ ਪ੍ਰਵਾਸੀ ਕਾਮਿਆਂ ਲਈ ਪੱਕੇ ਹੋਣ ਦੀ ਮਿਆਦ ਪੰਜ ਸਾਲ ਤੋਂ ਵਧਾ ਕੇ ਦਸ ਸਾਲ ਕੀਤੀ ਗਈ
  • ਸਾਫ਼ ਅਪਰਾਧਿਕ ਰਿਕਾਰਡ ਅਤੇ ਬਿਹਤਰ ਅੰਗਰੇਜ਼ੀ ਸਮੇਤ ਚਾਰ ਸ਼ਰਤਾਂ ਲਾਜ਼ਮੀ ਹੋਣਗੀਆਂ
  • ਸਾਲਾਨਾ 25 ਹਜ਼ਾਰ ਪੌਂਡ ਤੋਂ ਘੱਟ ਕਮਾਉਣ ਵਾਲੇ ਕੇਅਰ ਵਰਕਰਾਂ ਨੂੰ ਪੱਕੇ ਹੋਣ ਲਈ ਦਸ ਸਾਲ ਲੱਗਣਗੇ
  • ਗ਼ੈਰ-ਕਾਨੂੰਨੀ ਢੰਗ ਨਾਲ ਆਉਣ ਵਾਲਿਆਂ ਨੂੰ ਪੱਕੇ ਹੋਣ ਲਈ 30 ਸਾਲ ਤੱਕ ਉਡੀਕ ਕਰਨੀ ਪੈ ਸਕਦੀ ਹੈ