ਅਮਰੀਕਾ ਅਤੇ ਕੈਨੇਡਾ ਵਿੱਚ ਦੀਵਾਲੀ ਦੀ ਧੂਮ, ਮੇਲਿਆਂ ਤੇ ਆਤਿਸ਼ਬਾਜ਼ੀ ਨਾਲ ਸਜੇ ਬਾਜ਼ਾਰ
ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਈ ਸ਼ਹਿਰਾਂ ਵਿੱਚ ਵਿਸ਼ੇਸ਼ ਮੇਲੇ, ਰਾਮਲੀਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ।

ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਜਸ਼ਨ ਪੂਰੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਦੋਵਾਂ ਦੇਸ਼ਾਂ ਦੇ ਕਈ ਇਲਾਕਿਆਂ ਵਿੱਚ ਸੱਭਿਆਚਾਰਕ ਮੇਲੇ, ਰੰਗਾਰੰਗ ਪ੍ਰੋਗਰਾਮ, ਰਾਮਲੀਲਾ ਅਤੇ ਆਤਿਸ਼ਬਾਜ਼ੀ ਨਾਲ ਬਾਜ਼ਾਰ ਰੌਸ਼ਨ ਨਜ਼ਰ ਆ ਰਹੇ ਹਨ।
ਨਿਊਯਾਰਕ ਸੂਬੇ ਦੀ ਗਵਰਨਰ ਕੈਥੀ ਹੋਚੁਲ ਨੇ 8 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਦੀਵਾਲੀ ਵਜੋਂ ਮਾਨਤਾ ਦਿੱਤੀ ਹੈ। ਇਸੇ ਤਰ੍ਹਾਂ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਸ਼ਹਿਰ ਦੀ ਕੌਂਸਲ ਵੱਲੋਂ 8 ਨਵੰਬਰ ਨੂੰ 'ਦੀਵਾਲੀ ਦਿਵਸ' ਐਲਾਨਿਆ ਹੈ। ਨਾਰਥ ਕੈਰੋਲੀਨਾ ਦੇ ਗਵਰਨਰ ਜੋਸ਼ ਸਟੇਨ ਅਤੇ ਵਾਸ਼ਿੰਗਟਨ ਦੇ ਗਵਰਨਰ ਬੌਬ ਫਰਗੂਸਨ ਵੱਲੋਂ ਵੀ ਦੀਵਾਲੀ ਦੇ ਐਲਾਨਨਾਮੇ ਜਾਰੀ ਕੀਤੇ ਗਏ ਹਨ।
ਕੈਨੇਡਾ ਵਿੱਚ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਕੈਲਗਰੀ ਵਿਖੇ ਦਸ਼ਮੇਸ਼ ਕਲਚਰ ਸੈਂਟਰ ਅਤੇ ਹਿੰਦੂ ਸੋਸਾਇਟੀ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਦੇਸ਼ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਖ਼ਜ਼ਾਨਾ ਬੋਰਡ ਦੇ ਪ੍ਰਧਾਨ ਸ਼ਫ਼ਕਤ ਅਲੀ ਨੇ ਹਿੰਦੂ ਸਭਾ ਮੰਦਰ ਦਾ ਦੌਰਾ ਕੀਤਾ, ਜਦਕਿ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਦੀਵਾਲੀ ਗਾਲਾ ਵਿੱਚ ਹਿੱਸਾ ਲਿਆ।
ਅਮਰੀਕਾ ਵਿੱਚ ਨਿਊਜਰਸੀ ਦੇ ਐਡੀਸਨ ਸਥਿਤ ਪਾਪਾਇਆਨੀ ਪਾਰਕ ਵਿੱਚ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਇੱਕ ਲੱਖ ਤੋਂ ਵੱਧ ਲਾਈਟਾਂ, ਡਰੋਨ ਸ਼ੋਅ ਅਤੇ ਆਤਿਸ਼ਬਾਜ਼ੀ ਸ਼ਾਮਲ ਰਹੀ। ਨਿਊਯਾਰਕ ਦੇ ਜੈਕਸਨ ਹਾਈਟਸ ਅਤੇ ਨਿਊਜਰਸੀ ਦੇ ਓਕ ਟ੍ਰੀ ਰੋਡ 'ਤੇ ਰਾਮਲੀਲਾ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ।
ਸ਼ਿਕਾਗੋ ਦੇ ਬਾਰਟਲੇਟ ਅਤੇ ਦੱਖਣੀ ਕੈਲੀਫੋਰਨੀਆ ਦੇ ਚੀਨੋ ਹਿੱਲਜ਼ ਵਿੱਚ ਬੀਏਪੀਐੱਸ ਮੰਦਰਾਂ ਵਿਖੇ ਚੋਪੜਾ ਪੂਜਨ ਅਤੇ ਵਿਸ਼ੇਸ਼ ਪ੍ਰਦਰਸ਼ਨੀਆਂ ਉਲੀਕੀਆਂ ਗਈਆਂ। ਟੋਰਾਂਟੋ ਦੇ ਗੇਰਾਰਡ ਇੰਡੀਆ ਬਾਜ਼ਾਰ ਵਿੱਚ ਸੰਗੀਤ ਅਤੇ ਦੀਵਿਆਂ ਨਾਲ ਮੇਲਾ ਸਜਿਆ, ਜਦਕਿ ਸਰੀ ਅਤੇ ਮਾਂਟਰੀਅਲ ਵਿੱਚ ਰਵਾਇਤੀ ਮਿਠਾਈਆਂ ਦੀ ਖ਼ਰੀਦੋ-ਫ਼ਰੋਖ਼ਤ ਲਈ ਦੁਕਾਨਾਂ 'ਤੇ ਭਾਰੀ ਰੌਣਕ ਰਹੀ।
ਕੈਲਗਰੀ ਦੇ ਫਾਇਰ ਮਾਰਸ਼ਲ ਗਲੇਨ ਬੈਕਸਟਰ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਸ਼ਹਿਰ ਵਿੱਚ ਨਿੱਜੀ ਤੌਰ 'ਤੇ ਪਟਾਕੇ ਚਲਾਉਣ ਦੀ ਮਨਾਹੀ ਹੈ ਅਤੇ ਲੋਕ ਸੁਰੱਖਿਅਤ ਢੰਗ ਨਾਲ ਦੀਵੇ ਜਗਾ ਕੇ ਹੀ ਤਿਉਹਾਰ ਮਨਾਉਣ।
ਇਸ ਦੌਰਾਨ ਵਾਸ਼ਿੰਗਟਨ ਸੂਬੇ ਦੇ ਸਿਆਟਲ ਵਿੱਚ ਇੱਕ ਸੱਭਿਆਚਾਰਕ ਦੀਵਾਲੀ ਸਮਾਗਮ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਨਸਲੀ ਨਾਅਰੇਬਾਜ਼ੀ ਕੀਤੀ। ਅਮਰੀਕੀ ਸੰਸਦ ਮੈਂਬਰ ਪ੍ਰਮੀਲਾ ਜੈਪਾਲ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਰ ਭਾਈਚਾਰੇ ਨੂੰ ਬਿਨਾਂ ਡਰ ਤਿਉਹਾਰ ਮਨਾਉਣ ਦੀ ਆਜ਼ਾਦੀ ਹੈ ਅਤੇ ਅਜਿਹੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।



