ਦਿਲਜੀਤ ਦੋਸਾਂਝ ਲਾਸ ਵੇਗਾਸ 'ਚ ਲੈਟਿਨ ਗ੍ਰੈਮੀ ਐਵਾਰਡ ਸਮਾਰੋਹ ਦੌਰਾਨ ਕਰਨਗੇ ਪ੍ਰਦਰਸ਼ਨ
ਪੰਜਾਬੀ ਗਾਇਕ ਦਿਲਜੀਤ ਦੋਸਾਂਝ 12 ਨਵੰਬਰ ਨੂੰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਵਿਖੇ 27ਵੇਂ ਲੈਟਿਨ ਗ੍ਰੈਮੀ ਸਮਾਗਮ ਦੇ ਮੰਚ 'ਤੇ ਆਪਣੀ ਪੇਸ਼ਕਾਰੀ ਦੇਣਗੇ।

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਮਰੀਕਾ ਵਿੱਚ ਹੋਣ ਵਾਲੇ 27ਵੇਂ ਲੈਟਿਨ ਗ੍ਰੈਮੀ ਪੁਰਸਕਾਰ ਸਮਾਰੋਹ ਵਿੱਚ ਆਪਣੇ ਸੰਗੀਤ ਦੇ ਜੌਹਰ ਦਿਖਾਉਣਗੇ।
ਲੈਟਿਨ ਰਿਕਾਰਡਿੰਗ ਅਕੈਡਮੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਕੌਮਾਂਤਰੀ ਸੰਗੀਤ ਸਮਾਗਮ 12 ਨਵੰਬਰ ਨੂੰ ਲਾਸ ਵੇਗਾਸ ਦੇ ਐੱਮਜੀਐੱਮ ਗ੍ਰੈਂਡ ਗਾਰਡਨ ਅਰੀਨਾ ਵਿਖੇ ਕਰਵਾਇਆ ਜਾਵੇਗਾ।
ਇਸ ਸ਼ਾਮ ਦਿਲਜੀਤ ਦੇ ਨਾਲ-ਨਾਲ ਸੰਗੀਤ ਜਗਤ ਦੇ ਕਈ ਹੋਰ ਪ੍ਰਸਿੱਧ ਚਿਹਰੇ ਵੀ ਮੰਚ 'ਤੇ ਨਜ਼ਰ ਆਉਣਗੇ। ਇਨ੍ਹਾਂ ਵਿੱਚ ਕਰੋਲ ਜੀ, ਡੀਜੇ ਪ੍ਰੀਮੀਅਰ, ਬਿਜਾਰੈਪ, ਨੈਥੀ ਪੇਲੁਸੋ ਅਤੇ ਲੁਈਸ ਐਨਰਿਕੇ ਵਰਗੇ ਕਲਾਕਾਰ ਆਪਣੀ ਪੇਸ਼ਕਾਰੀ ਦੇਣਗੇ।
ਇਸ ਸਬੰਧੀ ਅਕੈਡਮੀ ਦੇ ਇੰਸਟਾਗ੍ਰਾਮ ਖਾਤੇ ਉੱਤੇ ਹੋਏ ਅਧਿਕਾਰਤ ਐਲਾਨ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਟੀਮ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਪੰਜਾਬੀ ਹੁਣ ਗ੍ਰੈਮੀ ਤੱਕ ਪਹੁੰਚ ਚੁੱਕੇ ਹਨ।



