ਸ਼ੁਕਰਾਨਾ ਯਾਤਰਾ’ ਵਿੱਚ ਲੱਖਾਂ ਸੰਗਤਾਂ ਨੇ ਸ਼ਿਰਕਤ ਕਰਕੇ ਬੇਅਦਬੀ ਵਿਰੋਧੀ ਇਤਿਹਾਸਕ ਕਾਨੂੰਨ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ-ਭਗਵੰਤ ਸਿੰਘ ਮਾਨ

ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਨੂੰਨ ਲਾਗੂ ਕਰਨ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਦੇ ਆਪਣੇ ਦ੍ਰਿੜ੍ਹ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਰ ਦਿਨਾਂ ਦੀ ‘ਸ਼ੁਕਰਾਨਾ ਯਾਤਰਾ’ ਦੌਰਾਨ ਮਿਲੇ ਪਿਆਰ ਅਤੇ ਸਮਰਥਨ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਇਹ ਯਾਤਰਾ 6 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਅਤੇ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਮਾਪਤ ਹੋਈ।

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ‘ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਬੇਅਦਬੀ ਵਰਗੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਲਈ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਦੋਸ਼ੀਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ।

ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਪਿਛਲੀਆਂ ਸਰਕਾਰਾਂ ਨੇ ਬੇਅਦਬੀ ਰੋਕਣ ਲਈ ਨਾ ਤਾਂ ਇਰਾਦਾ ਦਿਖਾਇਆ ਅਤੇ ਨਾ ਹੀ ਕਾਨੂੰਨ ਬਣਾਇਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਧਦੀਆਂ ਰਹੀਆਂ। ਉਨ੍ਹਾਂ ਅਕਾਲੀ ਲੀਡਰਸ਼ਿਪ ‘ਤੇ ਨਸ਼ਿਆਂ ਅਤੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਸੰਤ ਸਮਾਜ, ਕਾਨੂੰਨੀ ਮਾਹਿਰਾਂ ਅਤੇ ਸਿੱਖ ਵਿਦਵਾਨਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਬਣਾਇਆ ਗਿਆ ਹੈ ਅਤੇ ਇਸਨੂੰ ਵਾਪਸ ਲੈਣ ਦਾ ਕੋਈ ਸਵਾਲ ਹੀ ਨਹੀਂ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਵਿਰੋਧ ਕਰਨ ਵਾਲੇ ਅਸਲ ਵਿੱਚ ਗੁਰੂ ਸਾਹਿਬ ਦੇ ਦੋਖੀ ਹਨ।

ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਚੰਡੀਗੜ੍ਹ, ਐਸਵਾਈਐਲ, ਬੀਬੀਐਮਬੀ, ਆਰਡੀਐਫ ਅਤੇ ਹੋਰ ਮਸਲਿਆਂ ‘ਤੇ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਦੇਸ਼ ਦੀ ਸੇਵਾ ਕਰਦਾ ਆਇਆ ਹੈ ਅਤੇ ਅੱਗੇ ਵੀ ਕਰਦਾ ਰਹੇਗਾ।

ਭਾਜਪਾ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਨਫ਼ਰਤ ਦੇ ਬੀਜ ਕਦੇ ਨਹੀਂ ਉੱਗ ਸਕਦੇ ਅਤੇ ਪੰਜਾਬ ਦੇ ਲੋਕ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਵਾਲੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

‘ਸ਼ੁਕਰਾਨਾ ਯਾਤਰਾ’ ਦੌਰਾਨ ਪੰਜਾਬ ਭਰ ਵਿੱਚ ਲੋਕਾਂ ਵੱਲੋਂ ਮੁੱਖ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਗਿਆ। ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਸੜਕਾਂ ‘ਤੇ ਇਕੱਠੇ ਹੋਏ, ਫੁੱਲਾਂ ਦੀ ਵਰਖਾ ਕੀਤੀ ਅਤੇ ਸਿਰੋਪੇ ਭੇਟ ਕਰਕੇ ਆਪਣਾ ਸਮਰਥਨ ਦਿੱਤਾ।

Leave a Reply

Your email address will not be published. Required fields are marked *