ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਸ਼ੁੱਕਰਵਾਰ ਨੂੰ ਬਲੈਕਆਉਟ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰਾਤ 8:00 ਵਜੇ ਤੋਂ 8:15 ਵਜੇ ਤੱਕ PITEX Ground, ਰਣਜੀਤ ਐਵੇਨਿਊ (ਅੰਮ੍ਰਿਤਸਰ) ਅਤੇ Punjab Agricultural University ਸਮੇਤ ਕੁਝ ਇਲਾਕਿਆਂ ਵਿੱਚ ਇਹ ਮੌਕ ਅਭਿਆਸ ਕੀਤਾ ਜਾਵੇਗਾ।
ਇਸ ਦੌਰਾਨ ਸ਼ਾਮ ਕਰੀਬ 7:55 ਵਜੇ ਸਾਇਰਨ ਵੱਜੇਗਾ ਅਤੇ ਧਾਰਮਿਕ ਥਾਵਾਂ ਤੋਂ ਵੀ ਪਬਲਿਕ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਸਚੇਤ ਕੀਤਾ ਜਾਵੇਗਾ। ਸਾਇਰਨ ਵੱਜਦੇ ਹੀ ਬਿਜਲੀ ਵਿਭਾਗ ਵੱਲੋਂ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਜਾਵੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਾਰੀਆਂ ਲਾਈਟਾਂ ਬੰਦ ਕਰਕੇ ਇਸ ਬਲੈਕਆਉਟ ਐਕਸਰਸਾਈਜ਼ ਦਾ ਪੂਰਾ ਸਹਿਯੋਗ ਕਰਨ।
ਇਸ ਮੌਕ ਡ੍ਰਿਲ ਵਿੱਚ National Disaster Response Force (NDRF), ਫਾਇਰ ਬ੍ਰਿਗੇਡ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਮਿਊਂਸਿਪਲ ਕਾਰਪੋਰੇਸ਼ਨ, ਪੁਲਿਸ, ਹੈਲਥ ਡਿਪਾਰਟਮੈਂਟ, ਸਿਵਲ ਡਿਫੈਂਸ ਅਤੇ NCC ਵਰਗੀਆਂ ਕਈ ਏਜੰਸੀਆਂ ਮਿਲ ਕੇ ਕੰਮ ਕਰਨਗੀਆਂ। ਇਹ ਅਭਿਆਸ ਰੀਅਲ-ਟਾਈਮ ਐਮਰਜੈਂਸੀ ਸਥਿਤੀ ਨੂੰ ਸਿਮੂਲੇਟ ਕਰਨ ਲਈ ਕੀਤਾ ਜਾ ਰਿਹਾ ਹੈ।
ਬਲੈਕਆਉਟ ਦੌਰਾਨ ਕੀ ਕਰਨਾ ਹੈ?
ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਐਕਸਰਸਾਈਜ਼ ਅਚਾਨਕ ਆਉਣ ਵਾਲੀਆਂ ਐਮਰਜੈਂਸੀ ਸਥਿਤੀਆਂ ਲਈ ਤਿਆਰੀ ਦਾ ਹਿੱਸਾ ਹੈ, ਇਸ ਲਈ ਸਾਰੇ ਲੋਕ ਪੂਰਾ ਸਹਿਯੋਗ ਦੇਣ। ਡ੍ਰਿਲ ਦੌਰਾਨ ਜਨਰੇਟਰ, ਪਾਵਰ ਬੈਕਅੱਪ, ਟਾਰਚ, ਮੋਮਬੱਤੀ ਜਾਂ ਮਾਚਿਸ ਦੀ ਵਰਤੋਂ ਨਾ ਕਰਨ ਲਈ ਵੀ ਕਿਹਾ ਗਿਆ ਹੈ।
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, ਇਹ ਅਭਿਆਸ Ministry of Home Affairs ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮਕਸਦ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੌਕ ਅਭਿਆਸ ਦੀ ਸ਼ੁਰੂਆਤ ‘ਏਅਰ ਰੇਡ’ ਚੇਤਾਵਨੀ ਸਾਇਰਨ ਨਾਲ ਹੋਵੇਗੀ। ਅਭਿਆਸ ਦੇ ਅੰਤ ‘ਤੇ 2 ਮਿੰਟ ਤੱਕ ਲਗਾਤਾਰ ਤੇਜ਼ ਸਾਇਰਨ ਵਜਾ ਕੇ “ਆਲ ਕਲੀਅਰ” ਦਾ ਸੰਕੇਤ ਦਿੱਤਾ ਜਾਵੇਗਾ। ਇਸ ਦੌਰਾਨ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ, ਪਰ ਆਮ ਲੋਕਾਂ ਨੂੰ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖਣ ਦੀ ਸਲਾਹ ਦਿੱਤੀ ਗਈ ਹੈ।
