ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ‘ਸ਼ੁਕਰਾਨਾ ਯਾਤਰਾ’ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ। ਇਹ ਯਾਤਰਾ ਬੇਅਦਬੀ ਖਿਲਾਫ ਬਣਾਏ ਗਏ ਸਖ਼ਤ ਕਾਨੂੰਨ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਨ ਦੇ ਉਦੇਸ਼ ਨਾਲ ਕੱਢੀ ਜਾ ਰਹੀ ਹੈ। ਤੀਜੇ ਦਿਨ ਦੀ ਸ਼ੁਰੂਆਤ ਬਠਿੰਡਾ ਤੋਂ ਹੋਈ, ਜਿੱਥੇ ਸਵੇਰੇ ਕਰੀਬ 10 ਵਜੇ ਯਾਤਰਾ ‘ਥ੍ਰੀ ਕਾਰਨਰਸ’ ਤੋਂ ਰਵਾਨਾ ਹੋਈ।
ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਅਤੇ ‘ਆਪ’ ਵਰਕਰਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਅਤੇ ਐੱਸਐੱਸਪੀ ਡਾ. ਜਯੋਤੀ ਯਾਦਵ ਬੈਂਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਪ੍ਰਸ਼ਾਸਨ ਮੁਤਾਬਕ ਯਾਤਰਾ ਦੇ ਪੂਰੇ ਰੂਟ ‘ਤੇ ਟ੍ਰੈਫਿਕ ਪਲਾਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਬਠਿੰਡਾ ਵਿੱਚ ਯਾਤਰਾ ‘ਥ੍ਰੀ ਕਾਰਨਰਸ’ ਤੋਂ ਅਮਰੀਕ ਸਿੰਘ ਰੋਡ, ਗੋਲ ਡਿਗਰੀ, ਹਨੂੰਮਾਨ ਚੌਕ, ਬੱਸ ਸਟੈਂਡ, ਕੋਟਸ਼ਮੀਰ ਅਤੇ ਭਾਗੀਵੰਦਰ ਰਾਹੀਂ ਅੱਗੇ ਵਧੀ। ਇਸ ਤੋਂ ਬਾਅਦ ਇਹ ਯਾਤਰਾ ਤਲਵੰਡੀ ਸਾਬੋ ਵੱਲ ਰਵਾਨਾ ਹੋਈ। ਤਲਵੰਡੀ ਸਾਬੋ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਅਰਦਾਸ ਕਰਨਗੇ।
ਇਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਸਰਦੂਲਗੜ੍ਹ, ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਅੱਗੇ ਵਧੇਗੀ। ਯਾਤਰਾ ਦੌਰਾਨ ਮੁੱਖ ਮੰਤਰੀ ਮਾਨ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਸੰਬੋਧਨ ਵੀ ਕਰ ਸਕਦੇ ਹਨ। ਇਸ ਯਾਤਰਾ ਦਾ ਮਕਸਦ ਬੇਅਦਬੀ ਖਿਲਾਫ ਬਣੇ ਨਵੇਂ ਕਾਨੂੰਨ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਣਾ ਅਤੇ ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਲਈ ਲੋਕਾਂ ਦਾ ਧੰਨਵਾਦ ਕਰਨਾ ਹੈ।
ਸ਼ਾਮ ਵੱਲ ਮੁੱਖ ਮੰਤਰੀ ਸੁਨਾਮ ਵਿਖੇ ਗੁਰਦੁਆਰਾ ਮਸਤੂਆਣਾ ਸਾਹਿਬ ਵੀ ਜਾਣਗੇ। ਇਸ ਤੋਂ ਬਾਅਦ ਯਾਤਰਾ ਕੁਝ ਸਮੇਂ ਲਈ ਸੰਗਰੂਰ ਵਿੱਚ ਰੁਕੇਗੀ ਅਤੇ ਫਿਰ ਉਥੋਂ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ‘ਸ਼ੁਕਰਾਨਾ ਯਾਤਰਾ’ 6 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀ ਅਤੇ ਲਗਾਤਾਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕੱਢੀ ਜਾ ਰਹੀ ਹੈ।
