ਪੰਜਾਬ ਦੀ ਸਿਆਸਤ 'ਚ ਨਵੇਂ ਗਠਜੋੜ ਦੀ ਤਿਆਰੀ, 2027 ਚੋਣਾਂ ਤੋਂ ਪਹਿਲਾਂ 3 ਪਾਰਟੀਆਂ ਆ ਸਕਦੀਆਂ ਨੇ ਇਕੱਠੀਆਂ !
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ 'ਚ ਨਵੇਂ ਸਮੀਕਰਨ ਬਣਨ ਦੇ ਸੰਕੇਤ ਮਿਲ ਰਹੇ ਹਨ। 'ਵਾਰਿਸ ਪੰਜਾਬ ਦੇ' (WPD), ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (BSP) ਵਿਚਾਲੇ ਸੰਭਾਵਿਤ ਗਠਜੋੜ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਜੇਕਰ ਇਹ ਤਿੰਨੋਂ ਧਿਰਾਂ ਇਕੱਠੀਆਂ ਚੋਣ ਮੈਦਾਨ ਵਿੱਚ ਉਤਰਦੀਆਂ ਹਨ, ਤਾਂ ਪੰਜਾਬ ਦੀ ਸਿਆਸੀ ਲੜਾਈ ਨਵੇਂ ਰੂਪ ਵਿੱਚ ਦੇਖਣ ਨੂੰ ਮਿਲ ਸਕਦੀ ਹੈ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ 'ਚ ਨਵੇਂ ਸਮੀਕਰਨ ਬਣਨ ਦੇ ਸੰਕੇਤ ਮਿਲ ਰਹੇ ਹਨ। 'ਵਾਰਿਸ ਪੰਜਾਬ ਦੇ' (WPD), ਅਕਾਲੀ ਦਲ (ਪੁਨਰ ਸੁਰਜੀਤ) ਅਤੇ ਬਹੁਜਨ ਸਮਾਜ ਪਾਰਟੀ (BSP) ਵਿਚਾਲੇ ਸੰਭਾਵਿਤ ਗਠਜੋੜ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਜੇਕਰ ਇਹ ਤਿੰਨੋਂ ਧਿਰਾਂ ਇਕੱਠੀਆਂ ਚੋਣ ਮੈਦਾਨ ਵਿੱਚ ਉਤਰਦੀਆਂ ਹਨ, ਤਾਂ ਪੰਜਾਬ ਦੀ ਸਿਆਸੀ ਲੜਾਈ ਨਵੇਂ ਰੂਪ ਵਿੱਚ ਦੇਖਣ ਨੂੰ ਮਿਲ ਸਕਦੀ ਹੈ।
ਸੂਤਰਾਂ ਮੁਤਾਬਕ, ਤਿੰਨਾਂ ਧਿਰਾਂ ਵਿਚਾਲੇ ਗਠਜੋੜ ਨੂੰ ਲੈ ਕੇ ਅੰਦਰਖਾਤੇ ਗੱਲਬਾਤ ਕਾਫ਼ੀ ਅੱਗੇ ਵਧ ਚੁੱਕੀ ਹੈ। ਹਾਲ ਹੀ ਵਿੱਚ ਫ਼ਰੀਦਕੋਟ ਵਿਖੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਰੀਮਪੁਰੀ ਵਿਚਾਲੇ ਅਹਿਮ ਮੀਟਿੰਗ ਹੋਈ। ਇਸ ਦੌਰਾਨ ਤਿੰਨਾਂ ਪਾਰਟੀਆਂ ਵੱਲੋਂ ਸਾਂਝੇ ਤੌਰ 'ਤੇ ਚੋਣਾਂ ਲੜਨ ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਤੋਂ ਇਲਾਵਾ, ਬਸਪਾ ਆਗੂਆਂ ਵੱਲੋਂ ਪਾਰਟੀ ਸੁਪਰੀਮੋ ਮਾਇਆਵਤੀ ਨਾਲ ਵੀ ਸੰਭਾਵਿਤ ਗਠਜੋੜ ਨੂੰ ਲੈ ਕੇ ਮੁਲਾਕਾਤ ਕੀਤੀ ਜਾ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਗਠਜੋੜ ਨੂੰ ਰਸਮੀ ਮਨਜ਼ੂਰੀ ਦੇਣ ਸਬੰਧੀ ਵੀ ਚਰਚਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਸਨ। ਪਰ ਇਸ ਵਾਰ ਪੰਥਕ ਅਤੇ ਦਲਿਤ ਵੋਟ ਬੈਂਕ ਨੂੰ ਇਕੱਠਾ ਕਰਨ ਦੀ ਰਣਨੀਤੀ ਤਹਿਤ ਨਵੇਂ ਸਿਆਸੀ ਗਠਜੋੜ ਦੀਆਂ ਸੰਭਾਵਨਾਵਾਂ ਬਣਦੀਆਂ ਨਜ਼ਰ ਆ ਰਹੀਆਂ ਹਨ।
ਹਾਲਾਂਕਿ, ਅਜੇ ਤੱਕ ਤਿੰਨਾਂ ਪਾਰਟੀਆਂ ਵੱਲੋਂ ਗਠਜੋੜ ਦਾ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ। ਜੇਕਰ ਇਹ ਗਠਜੋੜ ਹੋਂਦ ਵਿੱਚ ਆਉਂਦਾ ਹੈ, ਤਾਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਹੋਰ ਦਿਲਚਸਪ ਹੋ ਸਕਦਾ ਹੈ। ਹੁਣ ਸਿਆਸੀ ਨਜ਼ਰਾਂ ਸੀਟਾਂ ਦੀ ਵੰਡ ਅਤੇ ਗਠਜੋੜ ਦੇ ਅਧਿਕਾਰਤ ਐਲਾਨ 'ਤੇ ਟਿਕੀਆਂ ਹੋਈਆਂ ਹਨ।



