ਭਾਰਤ ਦੌਰੇ ’ਤੇ ਨੇਪਾਲ ਦੇ PM ਬਾਲੇਨ ਸ਼ਾਹ, ਰਾਸ਼ਟਰਪਤੀ ਭਵਨ ’ਚ ਹੋਇਆ ਸ਼ਾਨਦਾਰ ਸਵਾਗਤ
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਅੱਜ ਨਵੀਂ ਦਿੱਲੀ ਵਿੱਚ PM ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਵਿਚਾਲੇ ਵਪਾਰ, ਊਰਜਾ ਅਤੇ ਸੰਪਰਕ ਵਧਾਉਣ ਦੇ ਨਾਲ ਅਗਨੀਵੀਰ ਯੋਜਨਾ ਤਹਿਤ ਨੇਪਾਲੀ ਨੌਜਵਾਨਾਂ ਦੀ ਭਰਤੀ ਦਾ ਮੁੱਦਾ ਵੀ ਅਹਿਮ ਰਹਿ ਸਕਦਾ ਹੈ। ਦੋਵੇਂ ਆਗੂ ਅਯੁੱਧਿਆ ਅਤੇ ਜਨਕਪੁਰਧਾਮ ਵਿਚਕਾਰ ਹਫ਼ਤਾਵਾਰੀ ਟ੍ਰੇਨ ਸੇਵਾ ਦਾ ਉਦਘਾਟਨ ਵੀ ਕਰਨਗੇ, ਜਿਸ ਨਾਲ ਦੋਵੇਂ ਧਾਰਮਿਕ ਸਥਾਨਾਂ ਵਿਚਕਾਰ ਯਾਤਰਾ ਆਸਾਨ ਹੋਵੇਗੀ।

ਭਾਰਤ ਅਤੇ ਨੇਪਾਲ ਦੇ ਰਿਸ਼ਤਿਆਂ ਨੂੰ ਨਵੀਂ ਮਜ਼ਬੂਤੀ ਦੇਣ ਲਈ ਅੱਜ ਅਹਿਮ ਕੂਟਨੀਤਕ ਗੱਲਬਾਤ ਹੋਣ ਜਾ ਰਹੀ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਅਤੇ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਹੈਦਰਾਬਾਦ ਹਾਊਸ ਵਿੱਚ ਦੁਵੱਲੀ ਬੈਠਕ ਕਰਨਗੇ। ਇਸ ਬੈਠਕ ਦੌਰਾਨ ਭਾਰਤ ਅਤੇ ਨੇਪਾਲ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਊਰਜਾ, ਵਪਾਰ ਅਤੇ ਰੇਲ ਤੇ ਸੜਕ ਸੰਪਰਕ ਵਧਾਉਣ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ।
ਇਸ ਮੁਲਾਕਾਤ ਦਾ ਇੱਕ ਖਾਸ ਆਕਰਸ਼ਣ ਅਯੁੱਧਿਆ ਅਤੇ ਨੇਪਾਲ ਦੇ ਜਨਕਪੁਰਧਾਮ ਵਿਚਕਾਰ ਚੱਲਣ ਵਾਲੀ ਹਫ਼ਤਾਵਾਰੀ ਰੇਲ ਸੇਵਾ ਦਾ ਉਦਘਾਟਨ ਵੀ ਹੋਵੇਗਾ। ਅਯੁੱਧਿਆ ਨੂੰ ਭਗਵਾਨ ਰਾਮ ਅਤੇ ਜਨਕਪੁਰਧਾਮ ਨੂੰ ਮਾਤਾ ਸੀਤਾ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਇਸ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ ਦੋਵੇਂ ਧਾਰਮਿਕ ਸਥਾਨਾਂ ਵਿਚਕਾਰ ਯਾਤਰਾ ਲਗਭਗ 19 ਘੰਟਿਆਂ ਵਿੱਚ ਪੂਰੀ ਹੋ ਸਕੇਗੀ।
ਉੱਧਰ, ਇਸ ਦੌਰੇ ਦੌਰਾਨ ਭਾਰਤੀ ਫੌਜ ਵਿੱਚ ਨੇਪਾਲੀ ਗੋਰਖਾ ਨੌਜਵਾਨਾਂ ਦੀ ਭਰਤੀ ਦਾ ਮੁੱਦਾ ਵੀ ਅਹਿਮ ਰਹਿਣ ਦੀ ਉਮੀਦ ਹੈ। ਦਰਅਸਲ, ਸਾਲ 2022 ਤੋਂ ਭਾਰਤੀ ਫੌਜ ਵਿੱਚ ਨੇਪਾਲੀ ਗੋਰਖਾ ਸੈਨਿਕਾਂ ਦੀ ਭਰਤੀ ਰੁਕੀ ਹੋਈ ਹੈ। ਇਸ ਦਾ ਮੁੱਖ ਕਾਰਨ ਭਾਰਤ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਨੇਪਾਲ ਸਰਕਾਰ ਵੱਲੋਂ ਜਤਾਇਆ ਗਿਆ ਇਤਰਾਜ਼ ਹੈ।
ਨੇਪਾਲ ਸਰਕਾਰ ਨੂੰ ਅਗਨੀਪਥ ਯੋਜਨਾ ਤਹਿਤ ਸੈਨਿਕਾਂ ਦੀ ਚਾਰ ਸਾਲਾਂ ਦੀ ਸੇਵਾ ਦੀ ਵਿਵਸਥਾ ’ਤੇ ਇਤਰਾਜ਼ ਸੀ। ਇਸੇ ਕਾਰਨ ਨੇਪਾਲੀ ਨੌਜਵਾਨਾਂ ਦੀ ਭਾਰਤੀ ਫੌਜ ਵਿੱਚ ਭਰਤੀ ਦੀ ਪ੍ਰਕਿਰਿਆ ਰੁਕ ਗਈ ਸੀ। ਹੁਣ ਬਾਲੇਨ ਸ਼ਾਹ ਦੇ ਭਾਰਤ ਦੌਰੇ ਨਾਲ ਇਸ ਮਾਮਲੇ ’ਤੇ ਮੁੜ ਸਹਿਮਤੀ ਬਣਨ ਦੀ ਉਮੀਦ ਜਾਗੀ ਹੈ।
ਜੇਕਰ ਦੋਵੇਂ ਸਰਕਾਰਾਂ ਵਿਚਕਾਰ ਇਸ ਮੁੱਦੇ ’ਤੇ ਸਹਿਮਤੀ ਬਣਦੀ ਹੈ ਤਾਂ ਨੇਪਾਲੀ ਨੌਜਵਾਨਾਂ ਲਈ ਭਾਰਤੀ ਫੌਜ ਵਿੱਚ ਭਰਤੀ ਦਾ ਰਸਤਾ ਮੁੜ ਖੁੱਲ੍ਹ ਸਕਦਾ ਹੈ। ਫਿਲਹਾਲ ਸਭ ਦੀਆਂ ਨਜ਼ਰਾਂ ਮੋਦੀ ਅਤੇ ਬਾਲੇਨ ਸ਼ਾਹ ਦੀ ਅਹਿਮ ਬੈਠਕ ’ਤੇ ਟਿਕੀਆਂ ਹੋਈਆਂ ਹਨ।



